ਜਸਬੀਰ ਸਿੰਘ ਚਾਨਾ
ਫਗਵਾੜਾ, 18 ਅਗਸਤ
ਪਰਵਾਸੀ ਪੰਜਾਬੀ ਦਿਲਬਾਗ ਬੰਗਾ ਵੱਲੋਂ 50 ਏਕੜ ’ਚ ਫ਼ਲਦਾਰ ਤੇ ਵਿਰਾਸਤੀ ਬੂਟੇ ਲਾਉਣ ਦੇ ਪ੍ਰਾਜੈਕਟ ਦੀ ਸ਼ੁਰੂਆਤ ਵਾਤਾਵਰਨ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕੀਤੀ। ਪਿੰਡ ਬਿਸ਼ਨਪੁਰ ’ਚ ਬਾਗਬਾਨੀ ਵਿਭਾਗ ਦੇ ਸਹਿਯੋਗ ਨਾਲ ਵੱਡੇ ਪੱਧਰ ’ਤੇ ਬਾਗ ਲਾਏ ਜਾ ਰਹੇ ਹਨ। ਜਰਮਨੀ ਤੋਂ ਆਏ ਦਿਲਬਾਗ ਬੰਗਾ ਨੇ ਦੱਸਿਆ ਕਿ ਪਹਿਲੇ ਪੜਾਅ ਦੌਰਾਨ ਅੱਜ ਚਾਰ ਏਕੜ ’ਚ ਕਿੰਨੂਆਂ ਦਾ ਬਾਗ ਲਾਉਣ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਇਸੇ ਮਹੀਨੇ ਵਿਚ ਫਲਦਾਰ ਤੇ ਵਿਰਾਸਤੀ ਬੂਟਿਆਂ ਹੇਠ 50 ਏਕੜ ਦੇ ਰਕਬੇ ਨੂੰ ਲਿਆਂਦਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਪੰਡੋਰੀ, ਜੇਜੋ ਤੇ ਖਲਵਾੜਾ ਪਿੰਡਾਂ ਵਿੱਚ 50 ਏਕੜ ਰਕਬੇ ਵਿੱਚ ਫਲਦਾਰ ਤੇ ਵਿਰਾਸਤੀ ਬੂਟੇ ਲਗਾਏ ਗਏ ਹਨ। ਸਮਾਗਮ ’ਚ ਮੁੱਖ ਮਹਿਮਾਨ ਵਜੋਂ ਪਹੁੰਚੇ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਇਸ ਮੌਕੇ ਇੱਕਠੇ ਹੋਏ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਕਣਕ ਅਤੇ ਝੋਨੇ ਦੇ ਫਸਲੀ ਚੱਕਰ ਵਿੱਚੋਂ ਨਿਕਲ ਕੇ ਬਾਗਬਾਨੀ ਵੱਲ ਪਰਤਣ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਹੇਠਲੇ ਮੁੱਕ ਰਹੇ ਪਾਣੀ ਨੂੰ ਬਚਾਉਣ ਲਈ ਕਿਸਾਨ ਵੱਡੀ ਭੂਮਿਕਾ ਨਿਭਾ ਸਕਦੇ ਹਨ।