ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 7 ਸਤੰਬਰ
ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਦਿਵਸ ਨੂੰ ਸਮਰਪਿਤ ਮੇਲਾ ਜੱਗ ਦੀਆਂ ਰੌਣਕਾਂ ਗੁਰਦੁਆਰਾ ਬਾਉਲੀ ਸਾਹਿਬ ਵਿੱਚ ਸ਼ੁਰੂ ਹੋ ਗਿਆ ਹੈ। 9 ਅਤੇ 10 ਸਤੰਬਰ ਨੂੰ ਮਨਾਏ ਜਾ ਰਹੇ ਦਿਨ ਰਾਤ ਦੇ ਸਾਲਾਨਾ ਜੋੜ ਮੇਲੇ ਲਈ ਸੰਗਤਾਂ ਦੀ ਆਮਦ ਹੁਣ ਤੋਂ ਹੀ ਸ਼ੁਰੂ ਹੋ ਗਈ ਹੈ। ਮੈਨੇਜਰ ਯੁਵਰਾਜ ਸਿੰਘ ਅਤੇ ਮੀਤ ਮੈਨੇਜਰ ਭਗਵੰਤ ਸਿੰਘ ਕਾਹਲਵਾਂ, ਸਰਬਜੀਤ ਸਿੰਘ ਮੁੰਡਾਪਿੰਡ ਦੇ ਸੁਚੱਜੇ ਢੰਗ ਨਾਲ ਕੀਤੇ ਗਏ ਪ੍ਰਬੰਧਾਂ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੀ ਸਹੂਲਤ ਲਈ ਹਰ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਲਾਵਾ ਪੁਲੀਸ ਅਤੇ ਸਿਵਲ ਪ੍ਰਸ਼ਾਸ਼ਨ ਵੱਲੋ ਸੰਗਤਾਂ ਦੀ ਸਹੂਲਤ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਗੁਰਦੁਆਰਾ ਬਾਉਲੀ ਸਾਹਿਬ ਵਿਖੇ ਹੋਵੇਗਾ। ਦੋ ਰੋਜ਼ਾ ਮੇਲੇ ਦੌਰਾਨ ਜਿੱਥੇ ਵਿਸ਼ਾਲ ਢਾਡੀ ਦਰਬਾਰ ਹੋਵੇਗਾ ਉਥੇ ਹੀ ਗੁਰਦੁਆਰਾ ਚੁਬਾਰਾ ਸਾਹਿਬ ਅੰਮ੍ਰਿਤ ਸੰਚਾਰ ਕਰਵਾਇਆ ਜਾਵੇਗਾ। ਇਸ ਮੌਕੇ ਕੀਰਤਨ ਦਰਬਾਰ ਤੇ ਨਿਹੰਗ ਜਥੇਬੰਦੀਆਂ ਵੱਲੋਂ ਮਹੱਲਾ ਤੇ ਘੋੜ ਸਵਾਰੀ ਹੋਵੇਗੀ। ਮੇਲੇ ਦੇ ਅਖੀਰਲੇ ਦਿਨ ਕਬੱਡੀ ਦੇ ਮੁਕਾਬਲੇ ਹੋਣਗੇ।