ਪਾਲ ਸਿੰਘ ਨੌਲੀ
ਜਲੰਧਰ, 29 ਮਈ
ਕਰੋਨਾ ਪੀੜਤਾਂ ਦੀ ਮਦਦ ਕਰਨ ਲਈ ਟੋਰਾਂਟੋ ਦੀ ਸੰਗਤ ਨੇ ਵੱਡਾ ਉਪਰਾਲਾ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 12 ਵੈਂਟੀਲੇਟਰ ਤੇ 12 ਆਕਸੀਜਨ ਕੰਸਨਟਰੇਟਰ ਭੇਜੇ ਹਨ। ਇਨ੍ਹਾਂ ਸੁਹਿਰਦ ਯਤਨਾਂ ਬਾਰੇ ਗੱਲਬਾਤ ਕਰਦਿਆਂ ਹਰਦੀਪ ਸਿੰਘ, ਸੁਖਜੀਵਨ ਸਿੰਘ, ਪ੍ਰਦੀਪ ਸਿੰਘ ਅਤੇ ਸਤਵੰਤ ਸਿੰਘ ਨੇ ਦੱਸਿਆ ਕਿ ਦੁਨੀਆ ਭਰ ਵਿੱਚ ਵੱਸਦੇ ਸਿੱਖ ਭਾਈਚਾਰੇ ਨੇ ਮਨੁੱਖਤਾ ਦੀ ਭਲਾਈ ਲਈ ਪਹਿਲਕਦਮੀ ਕਰਦਿਆਂ ਕਰੋਨਾ ਪੀੜਤਾਂ ਦੀ ਮਦਦ ਲਈ ਹੱਥ ਵਧਾਏ ਹਨ।
ਇੰਗਲੈਂਡ ਦੇ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ, ਐੱਮਪੀ ਨਰੇਸ਼ ਗੁਜਰਾਲ, ਸਕੱਤਰ ਸਿੱਖਿੱਆ ਸ਼੍ਰੋਮਣੀ ਕਮੇਟੀ ਸੁਖਵਿੰਦਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਏਪੁਰ ਦੀ ਪ੍ਰੇਰਨਾ ਸਦਕਾ ਕੈਨੇਡਾ ਦੀ ਸੰਗਤ ਨੇ ਮਨੁੱਖੀ ਸਾਹ ਚੱਲਦੇ ਰੱਖਣ ਲਈ ਇਹ ਲੋੜੀਂਦਾ ਸeਮਾਨ ਭੇਜਿਆ ਹੈ।
ਜੀਵਨ ਰੱਖਿਅਕ ਇਹ ਵੈਂਟੀਲੇਟਰ ਤੇ ਕੰਸਨਟਰੇਟਰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਭੇਟ ਕੀਤੇ ਜਾ ਹਨ ਤਾਂ ਜੋ ਉਨ੍ਹਾਂ ਵੱਲੋਂ ਕਰੋਨਾ ਪੀੜਤਾਂ ਦੀ ਮਦਦ ਲਈ ਚਲਾਈ ਜਾ ਰਹੀ ਮੁਹਿੰਮ ਵਿੱਚ ਟੋਰਾਂਟੋ ਦੀ ਸੰਗਤ ਵੀ ਯੋਗਦਾਨ ਪਾ ਸਕੇ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ ਨੂੰ ਵੀ ਅਜਿਹੀ ਮਦਦ ਭੇਜੀ ਜਾ ਚੁੱਕੀ ਹੈ।