ਪੱਤਰ ਪ੍ਰੇਰਕ
ਆਦਮਪੁਰ ਦੋਆਬਾ (ਜਲੰਧਰ), 14 ਅਕਤੂਬਰ
ਪੁਲੀਸ ਨੇ ਲੋਨ ਕੰਪਨੀ ਦੇ ਕਾਰਕੁਨ ਤੋਂ 1.58 ਲੱਖ ਰੁਪਏ ਲੁੱਟਣ ਦੀ ਵਾਰਦਾਤ ਨੂੰ 24 ਘੰਟੇ ਦੇ ਅੰਦਰ ਹੱਲ ਕਰ ਲਿਆ ਹੈ ਤੇ ਲੁੱਟ ਦੀ ਝੂਠੀ ਕਹਾਣੀ ਘੜਨ ਦੇ ਦੋਸ਼ ਹੇਠ ਦੋ ਜਣਿਆਂ ਨੂੰ ਕਾਬੂ ਕੀਤਾ ਹੈ। ਪੁਲੀਸ ਕਪਤਾਨ (ਤਫਤੀਸ਼) ਜਲੰਧਰ ਦਿਹਾਤੀ ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ 12 ਅਕਤੂਬਰ ਨੂੰ ਸੱਤਿਆ ਮਾਈਕਰੋ ਕੈਪੀਟਲ ਕੰਪਨੀ ਲੱਧੇਵਾਲੀ ਦਾ ਵਰਕਰ ਸੁਖਦੀਪ ਸਿੰਘ ਥਾਣਾ ਕਰਤਾਰਪੁਰ ਦੇ ਪਿੰਡ ਦਿਆਲਪੁਰ, ਕੁੱਦੋਵਾਲ, ਮੱਲੀਆ, ਫਰੀਦਪੁਰ, ਅੰਬੀਆ ਵਿੱਚ ਲੋਨ ਦੀਆਂ ਕਿਸ਼ਤਾਂ ਇੱਕਠੀਆਂ ਕਰਨ ਲਈ ਮੋਟਰਸਾਈਕਲ ’ਤੇ ਗਿਆ ਸੀ। ਉਹ ਪਿੰਡ ਅੰਬੀਆ ਤੋਹਫਾ ਤੋਂ ਕਿਸ਼ਤ ਇੱਕਠੀ ਕਰਕੇ ਕਰਤਾਰਪੁਰ ਰਾਹੀਂ ਜਲੰਧਰ ਜਾ ਰਿਹਾ ਸੀ। ਇਸ ਦੌਰਾਨ ਹੁਸਨਮੁੰਡਾ ਵੱਲੋ ਆਏ ਚਾਰ ਵਿਅਕਤੀਆਂ ਨੇ ਸੁਖਦੀਪ ਸਿੰਘ ਪਾਸੋਂ 1.58 ਲੱਖ ਅਤੇ ਮੋਬਾਈਲ ਫੋਨ ਅਤੇ ਪਰਸ ਖੋਹ ਲਿਆ।
ਤਫਤੀਸ਼ ਦੌਰਾਨ ਪਤਾ ਲੱਗਾ ਕਿ ਸੁਖਦੀਪ ਸਿੰਘ ਵੱਲੋ ਹੀ ਆਪਣੇ ਸਾਥੀ ਕਸ਼ਮੀਰ ਸਿੰਘ ਵਾਸੀ ਕਮਾਲਪੁਰ, ਸਮਾਣਾ ਨਾਲ ਲੁੱਟ-ਖੋਹ ਦੀ ਝੂਠੀ ਕਹਾਣੀ ਬਣਾ ਕੇ ਕੰਪਨੀ ਨਾਲ ਧੋਖਧਾੜੀ ਕੀਤੀ ਗਈ। ਪੁਲੀਸ ਨੇ ਸੁਖਦੀਪ ਸਿੰਘ ਅਤੇ ਉਸ ਦੇ ਸਾਥੀ ਕਸ਼ਮੀਰ ਸਿੰਘ ਨੂੰ ਮੁਲਜ਼ਮ ਬਣਾਉਂਦੇ ਹੋਏ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਦੇ ਕਬਜ਼ੇ ਵਿੱਚੋਂ 1.12 ਲੱਖ ਰੁਪਏ, ਮੋਬਾਈਲ ਫੋਨ ਅਤੇ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਕੀਆ ਪੈਸਿਆਂ ਬਾਰੇ ਪੁੱਛਗਿੱਛ ਕੀਤੀ ਜਾਵੇਗੀ।
ਪੁਲੀਸ ਨੂੰ ਉਮੀਦ ਹੈ ਕਿ ਸਖ਼ਤੀ ਨਾਲ ਪੁੱਛ-ਪੜਤਾਲ ਦੌਰਾਨ ਇਨ੍ਹਾਂ ਵਿਅਕਤੀਆਂ ਤੋਂ ਬਾਕੀ ਦੀ ਰਕਮ ਵੀ ਜਲਦੀ ਹੀ ਬਰਾਮਦ ਕਰ ਲਈ ਜਾਵੇਗੀ।