ਪਾਲ ਸਿੰਘ ਨੌਲੀ
ਜਲੰਧਰ, 21 ਜੂਨ
ਪੰਜਾਬ ਰੋਡਵੇਜ਼ ਪਨਬੱਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਕੱਚੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿਭਾਗ ਵੱਲੋਂ ਨਾ ਦੇਣ ਦੇ ਰੋਸ ਵਜੋਂ ਸੂਬੇ ਭਰ ਦੇ ਸਾਰੇ ਬੱਸ ਸਟੈਂਡ ਬੰਦ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਯੂਨੀਅਨ ਵੱਲੋਂ ਇੱਥੇ ਸ਼ਹੀਦ ਭਗਤ ਸਿੰਘ ਅੰਤਰਰਾਜੀ ਬੱਸ ਸਟੈਂਡ ’ਤੇ ਧਰਨਾ ਦਿੱਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਦਲਜੀਤ ਸਿੰਘ ਜੱਲੇਵਾਲ, ਪ੍ਰਧਾਨ ਡੀਪੂ ਬਲਵਿੰਦਰ ਸਿੰਘ ਰਾਠ, ਗੁਰਪ੍ਰੀਤ ਸਿੰਘ ਸੱਤਪਾਲ ਸਿੰਘ ਨੇ ਕਿਹਾ ਕਿ ਮੌਜੂਦਾ ਸਰਕਾਰ ਵੀ ਪਿਛਲੀਆਂ ਸਰਕਾਰਾਂ ਵਾਲੀਆਂ ਨੀਤੀਆਂ ’ਤੇ ਚੱਲ ਰਹੀ ਹੈ। ਰੋਡਵੇਜ਼ ਕਾਮਿਆਂ ਨੇ ਨਾਅਰੇਬਾਜ਼ੀ ਕੀਤੀ।
ਆਗੂਆਂ ਨੇ ਕਿਹਾ ਕਿ ਰੋਡਵੇਜ਼ ਕਾਮਿਆਂ ਨੂੰ ਤਨਖ਼ਾਹਾਂ ਦੇਰ ਨਾਲ ਦਿੱਤੀਆਂ ਜਾਂਦੀਆਂ ਹਨ। ਇਸ ਨਾਲ ਉਨ੍ਹਾਂ ਨੂੰ ਮਾਨਸਿਕ ਤਣਾਅ ਵਿੱਚੋਂ ਲੰਘਣਾ ਪੈ ਰਿਹਾ ਹੈ। ਜਥੇਬੰਦੀ ਵੱਲੋਂ ਉੱਚ ਅਧਿਕਾਰੀਆਂ ਨਾਲ ਤੇ ਟਰਾਂਸਪੋਰਟ ਮੰਤਰੀ ਪੰਜਾਬ ਨਾਲ ਸੰਪਰਕ ਕਰਨ ’ਤੇ ਵੀ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਇਸ ਤੋਂ ਵੀ ਬਾਅਦ ਜੇ ਸਰਕਾਰ ਨੇ ਤਨਖਾਹ ਜਾਰੀ ਨਾ ਕੀਤੀ ਤਾਂ 26 ਜੂਨ ਨੂੰ ਦੁਪਹਿਰ 12 ਵਜੇ ਤੋਂ ਸਮੂਹ ਕਰਮਚਾਰੀ ਬੱਸਾਂ ਬੰਦ ਕਰ ਕੇ ਪਨਬੱਸ ਤੇ ਪੀਆਰਟੀਸੀ ਦਾ ਚੱਕਾ ਜਾਮ ਕਰਨਗੇ। ਬੱਸ ਅੱਡੇ ਬੰਦ ਕਰਨ ਸਣੇ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਜਨਰਲ ਸਕੱਤਰ ਚਾਨਣ ਸਿੰਘ ਰਣਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੀ ਕੇਂਦਰ ਸਰਕਾਰ ਦੇ ਨਕਸ਼ੇਕਦਮਾਂ ’ਤੇ ਚੱਲ ਰਹੀ ਹੈ। ਇਸ ਸਮੇਂ ਜਲੰਧਰ 1 ਤੋਂ ਭੁਪਿੰਦਰ ਸਿੰਘ ਨਿਰਮਲ ਸਿੰਘ ਜਲੰਧਰ 2 ਤੋਂ ਕੁਲਵਿੰਦਰ ਸਿੰਘ ਮਲਕੀਤ ਸਿੰਘ ਰਾਮਚੰਦ ਹਰਕੇਵਲ ਸਿੰਘ ਚਰਨਜੀਤ ਸਿੰਘ ਆਦਿ ਵਰਕਰ ਹਾਜ਼ਰ ਸਨ।
ਤਰਨ ਤਾਰਨ (ਪੱਤਰ ਪ੍ਰੇਰਕ): ਰੋਡਵੇਜ਼ ਵਿਭਾਗ ਅੰਦਰ ਠੇਕਾ ਆਧਾਰ ’ਤੇ ਕੰਮ ਕਰਦੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਸੂਬਾ ਸਰਕਾਰ ਖਿਲਾਫ਼ ਅੱਜ ਦੋ ਘੰਟੇ ਲਈ ਬੱਸ ਅੱਡਾ ਬੰਦ ਕਰ ਕੇ ਸੰਘਰਸ਼ ਹੋਰ ਤੇਜ਼ ਕਰਨ ਦੀ ਚਿਤਾਵਨੀ ਦਿੱਤੀ| ਅੰਦੋਲਨ ਕਰਦੇ ਮੁਲਾਜ਼ਮਾਂ ਇਸ ਮੌਕੇ ਗੇਟ ਰੈਲੀ ਵੀ ਕੀਤੀ| ਗੇਟ ਰੈਲੀ ਨੂੰ ਜਥੇਬੰਦੀ ਦੀ ਡਿੱਪੂ ਇਕਾਈ ਦੇ ਪ੍ਰਧਾਨ ਸਤਨਾਮ ਸਿੰਘ ਤੁੜ ਨੇ ਮੁਲਾਜ਼ਮਾਂ ਨੂੰ ਤਨਖ਼ਾਹਾਂ ਸਮੇਂ ਸਿਰ ਨਾ ਦੇਣ ਦੀ ਨਿਖੇਧੀ ਕੀਤੀ| ਇਸ ਮੌਕੇ ਜਥੇਬੰਦੀ ਦੇ ਆਗੂ ਰਜਵੰਤ ਸਿੰਘ, ਅੰਮ੍ਰਿਤਪਾਲ ਸਿੰਘ ਸਮੇਤ ਹੋਰਨਾਂ ਨੇ 23 ਨੂੰ ਫਿਰ ਦੀ ਘੰਟੇ ਲਈ ਬੱਸ ਅੱਡਾ ਬੰਦ ਰੱਖਣ ਦਾ ਐਲਾਨ ਕੀਤਾ|
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਪੰਜਾਬ ਰੋਡਵੇਜ਼ ਪਨਬਸ/ ਪੀਆਰਟੀਸੀ ਕੰਟਰੈਕਟਰ ਵਰਕਰਜ਼ ਯੂਨੀਅਨ ਵੱਲੋਂ ਕੱਚੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਨਾ ਦੇਣ ਖ਼ਿਲਾਫ ‘ਤਨਖ਼ਾਹ ਨਹੀਂ ਤਾਂ ਕੰਮ ਨਹੀਂ’ ਦਾ ਨਾਅਰਾ ਬੁਲੰਦ ਕਰਦੇ ਹੋਏ ਸਥਾਨਕ ਬਸ ਸਟੈਂਡ ’ਤੇ ਧਰਨਾ ਦਿੱਤਾ ਗਿਆ। ਜਥੇਬੰਦੀ ਦੇ ਪ੍ਰਧਾਨ ਰਮਿੰਦਰ ਸਿੰਘ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਵੱਲੋਂ ਪਿਛਲੀਆਂ ਸਰਕਾਰਾਂ ਵਾਂਗ ਕੱਚੇ ਮੁਲਾਜ਼ਮਾਂ ਨੂੰ ਅਣਗੌਲਿਆਂ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ 23 ਜੂਨ ਨੂੰ 12 ਵਜੇ ਤੋਂ ਸਮੂਹ ਕਰਮਚਾਰੀ ਪਨਬਸ ਤੇ ਪੀਆਰਟੀਸੀ ਦਾ ਚੱਕਾ ਜਾਮ ਕਰਨਗੇ।
ਬੱਸ ਅੱਡੇ ਦੇ ਅੰਦਰ ਅਤੇ ਬਾਹਰ ਖੱਜਲ ਹੁੰਦੀਆਂ ਰਹੀਆਂ ਸਵਾਰੀਆਂ
ਜਲੰਧਰ: ਪਨਬੱਸ ਤੇ ਪੀਆਰਟੀਸੀ ਕਾਮਿਆਂ ਦੇ ਵਿਰੋਧ ਕਾਰਨ ਦੋ ਘੰਟੇ ਸਵੇਰੇ 10 ਤੋਂ 12 ਵੱਜੇ ਤੱਕ ਬੱਸ ਅੱਡਾ ਬੰਦ ਰਿਹਾ। ਇਸੇ ਦੌਰਾਨ ਜਿਹੜੀਆਂ ਪ੍ਰਾਈਵੇਟ ਬੱਸਾਂ ਅੱਡੇ ਦੇ ਅੰਦਰ ਰਹਿ ਗਈਆਂ, ਉਹ ਬਾਹਰ ਨਹੀਂ ਜਾ ਸਕੀਆਂ ਤੇ ਨਾ ਹੀ ਬਾਹਰ ਵਾਲੀਆਂ ਬੱਸਾਂ ਅੰਦਰ ਆ ਸਕੀਆਂ। ਇਸ ਕਾਰਨ ਸਵਾਰੀਆਂ ਖੱਜਲ-ਖੁਆਰ ਹੁੰਦੀਆਂ ਰਹੀਆਂ। ਕਈ ਸਵਾਰੀਆਂ ਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਸੀ ਕਿ ਅੱਜ ਬੱਸ ਅੱਡਾ ਦੋ ਘੰਟੇ ਲਈ ਬੰਦ ਹੋਣਾ ਹੈ। ਇਹ ਬੰਦ ਕਰੀਬ ਪੂਰੇ ਪੰਜਾਬ ਅੰਦਰ ਸੀ ਜਿਸ ਕਾਰਨ ਵੱਡੀ ਪੱਧਰ ’ਤੇ ਲੋਕ ਖ਼ੁਆਰ ਹੋੲ। ਬੱਸ ਅੱਡੇ ਅੰਦਰ ਔਰਤ ਸਵਾਰੀਆਂ ਜ਼ਿਆਦਾ ਪ੍ਰੇਸ਼ਾਨ ਹੋਈਆਂ ਕਿਉਂਕਿ ਪਨਬੱਸ ਤੇ ਪੀਆਰਟੀਸੀ ਦੀਆਂ ਬੱਸਾਂ ਵੀ ਦੋ ਘੰਟੇ ਤੱਕ ਨਹੀਂ ਚੱਲੀਆਂ। ਲੁਧਿਆਣੇ ਜਾਣ ਵਾਲੀ ਇੱਕ ਔਰਤ ਨੇ ਦੱਸਿਆ ਕਿ ਉਸ ਨਾਲ ਦੋ ਧੀਆਂ ਹਨ ਜੇ ਉਹ ਪ੍ਰਾਈਵੇਟ ਬੱਸ ਵਿੱਚ ਜਾਂਦੀ ਹੈ ਤੇ ਉਨ੍ਹਾਂ ਨੂੰ ਤਿੰਨ ਟਿਕਟਾਂ ਲੈਣੀਆਂ ਪੈਣੀਆਂ ਹਨ ਪਰ ਹੁਣ ਦੋ ਘੰਟੇ ਬੱਸ ਅੱਡੇ ’ਤੇ ਬਤੀਤ ਕਰਨੇ ਪੈਣੇ ਹਨ। ਪ੍ਰਾਈਵੇਟ ਬੱਸਾਂ ਵਾਲੇ ਅੱਡੇ ਦੇ ਬਾਹਰੋਂ ਸਵਾਰੀਆਂ ਚੁੱਕ ਰਹੇ ਸਨ। ਇਸ ਕਾਰਨ ਬਜ਼ੁਰਗ ਸਵਾਰੀਆਂ ਵੀ ਪ੍ਰੇਸ਼ਾਨ ਹੋਈਆਂ ਕਿਉਂਕਿ ਉਨ੍ਹਾਂ ਨੂੰ ਬੱਸ ਅੱਡੇ ਦੇ ਬਾਹਰ ਜਾਣ ਸਣੇ ਉਥੋਂ ਆਪਣੇ ਟਿਕਾਣਿਆਂ ’ਤੇ ਜਾਣ ਲਈ ਬੱਸ ਲੈਣ ਬਾਰੇ ਪਤਾ ਨਹੀਂ ਸੀ ਲੱਗ ਰਿਹਾ। ਇਸ ਮੌਕੇ ਇਸ ਮੁਸ਼ਕਿਲ ਕਾਰਨ ਪ੍ਰੇਸ਼ਾਨ ਹੋਏ ਲੋਕਾਂ ਨੇ ਮੰਗ ਕੀਤੀ ਕਿ ਬੱਸ ਅੱਡਾ ਬੰਦ ਕਰਨ ਦੇ ਫ਼ੈਸਲੇ ਦਾ ਹਫ਼ਤਾ ਪਹਿਲਾਂ ਪ੍ਰਚਾਰ ਕਰ ਕੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ।