ਨਿੱਜੀ ਪੱਤਰ ਪ੍ਰੇਰਕ
ਜਲੰਧਰ, 16 ਸਤੰਬਰ
ਜ਼ਿਲ੍ਹਾ ਪ੍ਰਸ਼ਾਸਨ ਦੀ ਰਹਿਨੁਮਾਈ ਹੇਠ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ 115ਵੇਂ ਜਨਮ ਦਿਵਸ ਨੂੰ ਸਮਰਪਿਤ ਵਨ ਰੇਸ ਹਾਫ ਮੈਰਾਥਨ ‘ਦੌੜ ਜਲੰਧਰ’ 9 ਅਕਤੂਬਰ, ਨੂੰ ਕਰਵਾਈ ਜਾ ਰਹੀ ਹੈ, ਜੋ ਕਿ 5, 10 ਅਤੇ 21.1 ਕਿਲੋਮੀਟਰ ਤਿੰਨ ਸ਼੍ਰੇਣੀਆਂ ਵਿੱਚ ਹੋਵੇਗੀ। ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੀਵਨ ਤੇ ਵਿਚਾਰਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ ਅਤੇ ਨਸ਼ਾ ਰਹਿਤ ਜੀਵਨ ਨੂੰ ਅਪਨਾਉਣ ਦਾ ਸੱਦਾ ਦੇਣ ਦੇ ਮਕਸਦ ਨਾਲ ਹਾਫ ਮੈਰਾਥਨ ਕਰਵਾਈ ਜਾ ਰਹੀ ਹੈ। ਤਿੰਨ ਸ਼੍ਰੇਣੀਆਂ 21.1,10 ਅਤੇ 5 ਕਿਲੋਮੀਟਰ ਵਿੱਚ ਕਰਵਾਈ ਜਾਣ ਵਾਲੀ ਇਹ ਹਾਫ ਮੈਰਾਥਨ 9 ਅਕਤੂਬਰ ਨੂੰ ਸਵੇਰੇ ਕ੍ਰਮਵਾਰ 6:00, 6:15 ਅਤੇ 6:30 ਵਜੇ ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਤੋਂ ਆਰੰਭ ਕੀਤੀ ਜਾਵੇਗੀ। 21.1 ਕਿਲੋਮੀਟਰ ਦੌੜ ਗੁਰੂ ਨਾਨਕ ਮਿਸ਼ਨ ਚੌਕ, ਸਕਾਈਲਾਰਕ ਚੌਕ, ਨਾਮਦੇਵ ਚੌਕ, ਬੀ.ਐਮ.ਸੀ. ਚੌਕ, 66 ਫੁੱਟੀ ਰੋਡ, ਜਲੰਧਰ ਹਾਈਟਸ ਤੋਂ ਵਾਪਸ ਹੁੰਦੇ ਹੋਏ ਮੁੜ ਗੁਰੂ ਗੋਬਿੰਦ ਸਟੇਡੀਅਮ ਵਿਖੇ ਸਮਾਪਤ ਹੋਵੇਗੀ ਜਦਕਿ 5 ਤੇ 10 ਕਿਲੋਮੀਟਰ ਦੀਆਂ ਦੌੜਾਂ ਵੀ ਮੁੜ ਸਟੇਡੀਅਮ ਵਿੱਚ ਸਮਾਪਤ ਹੋਣਗੀਆਂ। ਹਾਫ ਮੈਰਾਥਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਵੱਲੋਂ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।