ਭੋਗਪੁਰ: ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਵਰਿੰਦਰ ਸਿੰਘ ਬਾਜਵਾ ਨੇ ਅਚਾਨਕ ਬਲਾਕ ਭੋਗਪੁਰ ਦੇ ਪਿੰਡ ਬੜਚੂਹੀ ਦਾ ਦੌਰਾ ਕਰਕੇ ਪਿੰਡ ਦੀ ਪੰਚਾਇਤ ਵੱਲੋਂ ਕੀਤੇ ਕੰਮਾਂ ਦਾ ਜਾਇਜ਼ਾ ਲਿਆ। ਉਨ੍ਹਾਂ ਪੰਚਾਇਤ ਅਤੇ ਜਲ ਸਪਲਾਈ ਵਿਭਾਗ ਵੱਲੋਂ ਕਰਵਾਏ ਵਿਕਾਸ ਕਾਰਜ, ਮਨਰੇਗਾ ਸਕੀਮ ਅਧੀਨ ਚਲ ਰਹੇ ਸਾਂਝਾ ਜਲ ਤਲਾਬ, ਰੇਨ ਵਾਟਰ ਹਾਰਵੈਸਟਿੰਗ, ਕੈਟਲ ਸੈਡ,ਖੇਡ ਮੈਦਾਨ ਦੀ ਸਮੀਖਿਆ ਕੀਤੀ। ਉਨ੍ਹਾਂ ਕੇਂਦਰ ਸਰਕਾਰ ਦੀ ਪੀਐੱਮਏਵਾਈ (ਜੀ) ਸਕੀਮ ਅਧੀਨ ਬਣਾਏ ਮਕਾਨਾਂ ਦਾ ਜਾਇਜ਼ਾ ਲਿਆ। ਉਨ੍ਹਾਂ ਸਵੈ ਰੁਜ਼ਗਾਰ ਸਮੂਹਾਂ ਅਤੇ ਕਾਗਜ਼ ਦੇ ਲਿਫਾਫੇ ਬਣਾਉਣ ਦੀ ਸਿਖਲਾਈ ਬਾਰੇ ਵਿਚਾਰ ਵਟਾਂਦਰਾ ਕੀਤਾ। ਵਧੀਕ ਡਿਪਟੀ ਕਮਿਸ਼ਨਰ ਬਾਜਵਾ ਨੇ ਪੰਚਾਇਤ ਵੱਲੋਂ ਪਿੰਡ ਵਿੱਚ ਕੀਤੇ ਕੰਮਾਂ ਨੂੰ ਸੰਤੁਸ਼ਟੀਜਨਕ ਦੱਸਿਆ ਅਤੇ ਪਿੰਡ ਦੀ ਸਰਪੰਚ ਲਖਵੀਰ ਕੌਰ ਦੀ ਸ਼ਲਾਘਾ ਕੀਤੀ ।ਇਸ ਮੌਕੇ ਜੇਈ ਅਵਿਨਾਸ਼ ਕੁਮਾਰ, ਏਪੀਓ ਰਾਜਵਿੰਦਰ ਕੌਰ, ਪੀਓ ਸਲਿੰਦਰ ਸਿੰਘ ਅਤੇ ਟੀਏ ਗਗਨਦੀਪ ਸਿੰਘ ਅਤੇ ਸਮਾਜ ਸੇਵੀ ਸੁਖਵੀਰ ਸਿੰਘ ਹਾਜ਼ਰ ਹੋਏ। -ਪੱਤਰ ਪ੍ਰੇਰਕ