ਪੱਤਰ ਪ੍ਰੇਰਕ
ਹੁਸ਼ਿਆਰਪੁਰ, 31 ਮਈ
ਹੁਸ਼ਿਆਰਪੁਰ ਅਤੇ ਲੁਧਿਆਣਾ (ਪੂਰਬੀ) ਦੇ ਸਬ-ਰਜਿਸਟਰਾਰਾਂ ਨੂੰ ਮੁਅੱਤਲ ਕੀਤੇ ਜਾਣ ਅਤੇ ਜ਼ਮੀਨ ਦੀਆਂ ਰਜਿਸਟਰੀਆਂ ਲਈ ਐਨਓਸੀ ਦੀ ਸ਼ਰਤ ਸਬੰਧੀ ਸਰਕਾਰ ਵਲੋਂ ਸਪਸ਼ਟ ਹਦਾਇਤਾਂ ਨਾ ਦੇਣ ਦੇ ਰੋਸ ’ਚ ਪੰਜਾਬ ਰੈਵੇਨਿਊ ਆਫ਼ੀਸਰਜ਼ ਐਸੋਸੀਏਸ਼ਨ ਨੇ ਸੂਬੇ ਭਰ ਵਿਚ ਪਹਿਲੀ ਜੂਨ ਤੋਂ 6 ਜੂਨ ਤੱਕ ਸਮੂਹਿਕ ਛੁੱਟੀ ’ਤੇ ਜਾਣ ਦਾ ਐਲਾਨ ਕੀਤਾ ਹੈ। ਐਸੋਸੀਏਸ਼ਨ ਦੀ ਮੀਟਿੰਗ ਅੱਜ ਗੁਰਦੇਵ ਸਿੰਘ ਧੰਮ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿਚ ਮਾਲ ਅਧਿਕਾਰੀਆਂ ਨੂੰ ਬਿਨਾਂ ਠੋਸ ਕਾਰਨ ਮੁਅੱਤਲ ਕੀਤੇ ਜਾਣ ਦੀ ਨਿਖੇਧੀ ਕੀਤੀ ਗਈ। ਇਹ ਫ਼ੈਸਲਾ ਕੀਤਾ ਗਿਆ ਕਿ ਬੁੱਧਵਾਰ ਤੋਂ ਸਮੂਹਿਕ ਛੁੱਟੀ ਲੈ ਕੇ ਕੰਮਕਾਜ ਦਾ ਬਾਈਕਾਟ ਕੀਤਾ ਜਾਵੇਗਾ। ਅਗਲਾ ਫੈਸਲਾ 6 ਜੂਨ ਤੋਂ ਬਾਅਦ ਲਿਆ ਜਾਵੇਗਾ। ਐਸੋਸੀਏਸ਼ਨ ਦੇ ਪ੍ਰਧਾਨ ਨੇ ਆਖਿਆ ਕਿ ਕੁੱਝ ਦਿਨ ਪਹਿਲਾਂ ਜ਼ੀਰਕਪੁਰ ਦੇ ਸਬ-ਰਜਿਸਟਰਾਰ ਤੇ ਹੁਣ ਹੁਸ਼ਿਆਰਪੁਰ ਤੇ ਲੁਧਿਆਣਾ (ਪੂਰਬੀ) ਦੇ ਸਬ-ਰਜਿਸਟਰਾਰਾਂ ਨੂੰ ਮੁਅੱਤਲ ਕੀਤਾ ਜਾਣਾ ਸਿਆਸੀ ਬਦਲਾਖੋਰੀ ਹੈ। ਉਨ੍ਹਾਂ ਕਿਹਾ ਕਿ ਗ਼ੈਰਕਾਨੂੰਨੀ ਕਲੋਨੀਆਂ ਨੂੰ ਚੈੱਕ ਕਰਨ ਦਾ ਕੰਮ ਪੁੱਡਾ ਜਾਂ ਲੋਕਲ ਬਾਡੀਜ਼ ਦਾ ਹੈ ਪਰ ਸਾਰੀ ਜ਼ਿੰਮੇਵਾਰੀ ਮਾਲ ਵਿਭਾਗ ’ਤੇ ਸੁੱਟ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਰਜਿਸਟਰੀਆਂ ਲਈ ਐਨਓਸੀ ਲੈਣ ਬਾਰੇ ਲੰਬੇ ਅਰਸੇ ਤੋਂ ਉਲਝਣ ਚੱਲ ਰਹੀ ਹੈ ਜਿਸ ਨੂੰ ਦੂਰ ਨਹੀਂ ਕੀਤਾ ਗਿਆ।