ਪਾਲ ਸਿੰਘ ਨੌਲੀ
ਜਲੰਧਰ, 6 ਨਵੰਬਰ
ਸੰਯੁਕਤ ਕਿਸਾਨ ਮੋਰਚੇ ਦੀਆਂ ਜੱਥੇਬੰਦੀਆਂ ਕਿਰਤੀ ਕਿਸਾਨ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਪਿੰਡ ਉਧੋਵਾਲ ਵਿੱਚ ਇੱਕ ਧਾਰਮਿਕ ਡੇਰੇ ਨੂੰ ਨਿੱਜੀ ਲਾਭ ਦੇਣ ਲਈ ਕਿਸਾਨਾਂ ਦੀ ਜ਼ਮੀਨ ਧੱਕੇ ਨਾਲ ਐਕੁਆਇਰ ਕਰਨ ਦੀ ਕਾਰਵਾਈ ਦਾ ਡੱਟ ਕੇ ਵਿਰੋਧ ਕੀਤਾ ਗਿਆ। ਕਿਸਾਨਾਂ ਵੱਲੋਂ ਇਸ ਧੱਕੇਸ਼ਾਹੀ ਵਿਰੁੱਧ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਵਿੱਚ ਦਹਿਸ਼ਤ ਪਾਉਣ ਲਈ ਕਈ ਥਾਣਿਆਂ ਦੀ ਪੁਲੀਸ ਤਾਇਨਾਤ ਕੀਤੀ ਗਈ। ਇਸ ਕਾਰਵਾਈ ਨਾਲ ਪਿੰਡ ਵਿੱਚ ਪੂਰਾ ਤਣਾਅ ਬਣਿਆ ਹੋਇਆ ਹੈ। ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਕਿਸਾਨ ਔਰਤਾਂ-ਮਰਦ ਮੋਰਚੇ ਉੱਤੇ ਡਟੇ ਰਹੇ। ਕਿਸਾਨਾਂ ਦੀ ਤਿੱਖੀ ਵਿਰੋਧਤਾ ਨੂੰ ਦੇਖਦੇ ਹੋਏ ਪ੍ਰਸ਼ਾਸਨ ਵੱਲੋਂ ਮਸਲੇ ਦੇ ਹੱਲ ਲਈ 22 ਨਵੰਬਰ ਨੂੰ ਕਿਸਾਨ ਜਥੇਬੰਦੀਆਂ ਨੂੰ ਜਲੰਧਰ ਦੇ ਸਰਕਟ ਹਾਊਸ ਵਿੱਚ ਗੱਲਬਾਤ ਦਾ ਸੱਦਾ ਦੇਣ ਲਈ ਮਜ਼ਬੂਰ ਹੋਣਾ ਪਿਆ। ਇਸ ਮੌਕੇ ਸੰਯੁਕਤ ਕਿਸਾਨ ਮੋਰਚਾ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਸੰਤੋਖ ਸਿੰਘ ਸੰਧੂ ਅਤੇ ਸੁਰਜੀਤ ਸਿੰਘ ਸਮਰਾ ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂ ਅਮਰਜੋਤ ਸਿੰਘ ਨੇ ਕਿਹਾ ਕਿ ਇਕ ਪਾਸੇ ਪੰਜਾਬ ਸਮੇਤ ਦੇਸ਼ ਭਰ ਵਿੱਚ ਕਿਸਾਨੀ ਅਤੇ ਜ਼ਮੀਨ ਬਚਾਉਣ ਦੀ ਲੜਾਈ ਦਿੱਲੀ ਦੇ ਬਾਰਡਰਾਂ ’ਤੇ ਲੜੀ ਜਾ ਰਹੀ ਹੈ, ਦੂਸਰੇ ਪਾਸੇ ਪੰਜਾਬ ਸਰਕਾਰ ਧੱਕੇ ਨਾਲ ਜ਼ਮੀਨ ਅਕੁਆਇਰ ਕਰਨ ਲਈ ਭਾਰੀ ਪੁਲੀਸ ਫੋਰਸ ਤਾਇਨਾਤ ਕਰਕੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਵਿੱਚ ਲੱਗੀ ਹੋਈ ਹੈ। ਪੀੜਤ ਕਿਸਾਨਾਂ ਨੇ ਵਾਹੀਯੋਗ ਜ਼ਮੀਨਾਂ ਧਾਰਮਿਕ ਡੇਰੇ ਨੂੰ ਦੇਣ ਬਦਲੇ ਕਿਸੇ ਵੀ ਤਰ੍ਹਾਂ ਦਾ ਮੁਆਵਜ਼ਾ ਲੈਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਜ਼ਮੀਨ ਹੀ ਉਨ੍ਹਾਂ ਦੀ ਰੋਜ਼ੀ-ਰੋਟੀ ਦਾ ਸਾਧਨ ਹੈ। ਜ਼ਮੀਨ ਤੋਂ ਬੇ-ਦਖ਼ਲ ਕਰਨ ਦਾ ਮਤਲਬ ਉਨ੍ਹਾਂ ਦੀ ਹੋਂਦ ਖ਼ਤਮ ਕਰਨਾ ਹੈ। ਅੱਜ ਸਮੁੱਚੀ ਕਿਸਾਨੀ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਾੳਣ ਲਈ ਲੜ ਰਹੀ ਹੈ। ਆਗੂਆਂ ਨੇ ਕਿਹਾ ਕਿ ਇਹ ਕਿਸਾਨ ਸੰਯੁਕਤ ਮੋਰਚੇ ਦੇ ਪਰਿਵਾਰ ਦਾ ਹਿੱਸਾ ਹਨ।
ਤਿੰਨ ਖੇਤੀ ਵਿਰੋਧੀ ਕਾਨੂੰਨਾਂ ਦੇ ਵਿਰੋਧ ਕਰਨ ਤੁਰੇ ਪਹਿਲੇ ਜੱਥਿਆਂ ਵਿੱਚ ਇਨ੍ਹਾਂ ਪਰਿਵਾਰਾਂ ਦੇ ਪੁੱਤ ਟਰੈਕਟਰ ਲੈ ਕੇ ਸ਼ਾਮਲ ਹੋਏ ਸਨ। ਅੱਜ ਵੀ ਇਨ੍ਹਾਂ ਪਰਿਵਾਰਾਂ ਦੇ ਮੈਂਬਰ ਸਿੰਘੂ ਬਾਰਡਰ ਉਤੇ ਡਟੇ ਹੋਏ ਹਨ। ਕਿਸਾਨ ਜੱਥੇਬੰਦੀਆਂ ਨੇ ਐਲਾਨ ਕੀਤਾ ਕਿ ਜੇ ਇੱਕ ਧਾਰਮਿਕ ਡੇਰੇ ਨੂੰ ਖ਼ੁਸ਼ ਕਰਨ ਲਈ ਸੂਬਾ ਸਰਕਾਰ ਕਿਸਾਨ ਉਜਾੜੇ ਦਾ ਫੈਸਲਾ ਵਾਪਸ ਨਹੀਂ ਲੈਂਦੀ ਤਾਂ ਇਸ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਇਕ ਪਾਸੇ ਇਕ ਵੱਡੀ ਸੜਕ ਮਹਿਤਪੁਰ ਨੂੰ ਸ਼ਾਹਕੋਟ-ਮੋਗਾ ਕੌਮੀ ਮਾਰਗ ਨਾਲ ਜੋੜਦੀ ਹੈ ਫਿਰ ਉਥੇ ਕਿਸਾਨਾਂ ਦਾ ਉਜਾੜਾ ਕਰਕੇ ਨਵੀਂ ਸੜਕ ਬਣਾਉਣ ਦਾ ਮਤਲਬ ਹੈ ਕਿ ਇੱਕ ਧਨਾਢ ਵਿਅਕਤੀ ਨੂੰ ਲਾਭ ਪਹੁੰਚਾਉਣਾ ਹੈ। ਕਿਸਾਨਾਂ ਨੇ ਇਕਜੁੱਟ ਹੁੰਦਿਆਂ ਕਿਹਾ ਕਿ ਪ੍ਰਸ਼ਾਸਨ ਦੇ ਕਿਸਾਨ ਉਜਾੜੂ ਫ਼ੈਸਲੇ ਦਾ ਡੱਟ ਕੇ ਵਿਰੋਧ ਜਾਰੀ ਰਹੇਗਾ। ਇਸ ਮੌਕੇ ਬੀਕੇਯੂ ਰਾਜੇਵਾਲ ਦੇ ਬੁਲਾਰੇ ਮਨਦੀਪ ਸਿੰਘ ਸਮਰਾ, ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਦੇ ਜ਼ਿਲ੍ਹਾ ਕਨਵੀਨਰ ਤਰਪ੍ਰੀਤ ਸਿੰਘ ਉੱਪਲ, ਬੂਟਾ ਸਿੰਘ ਸ਼ਾਦੀਪੁਰ ਆਦਿ ਹਾਜ਼ਰ ਸਨ।
ਫਸਲਾਂ ਦਾ ਯੋਗ ਮੁਆਵਜ਼ਾ ਲੈਣ ਲਈ ਸੰਘਰਸ਼ ਜਾਰੀ ਰੱਖਣ ਦਾ ਫੈਸਲਾ
ਸ਼ਾਹਕੋਟ (ਪੱਤਰ ਪ੍ਰੇਰਕ) ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਸ਼ਾਹਕੋਟ ਤੇ ਨਕੋਦਰ ਦੀ ਸਾਂਝੀ ਮੀਟਿੰਗ ਪਿੰਡ ਮਲਸੀਆਂ ’ਚ ਕੀਤੀ ਗਈ। ਮੀਟਿੰਗ ’ਚ ਮਲਸੀਆਂ, ਰਾਈਵਾਲ, ਬਲਕੋਹਨਾ, ਨੂਰਪੁਰ ਚੱਠਾ, ਮਾਲੜੀ, ਈਦਾ, ਹੁਸਾਨਪੁਰ, ਮਹੂੰਵਾਲ ਤੇ ਦਿਲਖਾਹਪੁਰ ਢੱਡਾ ਦੇ ਕਿਸਾਨਾਂ ਨੇ ਭਾਗ ਲਿਆ। ਯੂਨੀਅਨ ਦੇ ਜ਼ਿਲ੍ਹਾ ਕਨਵੀਨਰ ਮੋਹਨ ਸਿੰਘ ਬੱਲ ਤੇ ਸਕੱਤਰ ਬਲਵੰਤ ਮਲਸੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਰਮੇ ਦੀ ਬਰਬਾਦੀ ਲਈ ਕਿਸਾਨਾਂ ਨੂੰ ਜੋ ਮੁਆਵਜਾ ਦਿੱਤਾ ਜਾ ਰਿਹਾ ਹੈ ਉਸਨੂੰ ਯੂਨੀਅਨ ਨੇ ਰੱਦ ਕਰ ਦਿੱਤਾ ਹੈ। ਗੁਲਾਬੀ ਸੁੰਡੀ ਤੇ ਮੀਂਹ ਨਾਲ ਬਰਬਾਦ ਹੋਈਆਂ ਫਸਲਾਂ ਦਾ ਯੋਗ ਮੁਆਵਜ਼ਾ ਲੈਣ ਲਈ ਸੰਘਰਸ਼ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਸੂਬਾ ਕਮੇਟੀ ਵੱਲੋਂ 10 ਨਵੰਬਰ ਨੂੰ ਪੰਜਾਬ ਭਰ ’ਚ ਨਰਮੇ ਦੇ ਮੁਆਵਜ਼ੇ ਬਾਬਤ ਮੁੱਖ ਮੰਤਰੀ ਪੰਜਾਬ ਦੀਆਂ ਤਸਵੀਰਾਂ ਵਾਲੇ ਬੱਸਾਂ ਉਪਰ ਚਿਪਕਾਏ ਹੋਰਡਿੰਗਾਂ ’ਤੇ ਕਾਟਾ ਮਾਰਨ ਦੇ ਕੀਤੇ ਗਏ ਫੈਸਲੇ ਮੁਤਾਬਕ ਨਕੋਦਰ ’ਚ ਇਕੱਠ ਕਰਕੇ ਇਸ ਸੱਦੇ ਨੂੰ ਅਮਲ ’ਚ ਲਾਗੂ ਕੀਤਾ ਜਾਵੇਗਾ।