ਜੇ.ਬੀ. ਸੇਖੋਂ
ਗੜ੍ਹਸ਼ੰਕਰ, 25 ਜੂਨ
ਪਿੰਡ ਰਾਮਪੁਰ ਬਿਲੜੋਂ ਵਿੱਚ ਲੰਘੀ ਦੇਰ ਰਾਤ ਉਦੋਂ ਹੰਗਾਮਾ ਹੋ ਗਿਆ ਜਦੋਂ ਪਿੰਡ ਵਿੱਚ ਨਸ਼ਾ ਤਸਕਰਾਂ ਨੂੰ ਫੜਨ ਆਏ ਪੁਲੀਸ ਮੁਲਾਜ਼ਮਾਂ ਨੇ ਤਸਕਰਾਂ ਨੂੰ ਕਥਿਤ ਤੌਰ ’ਤੇ ਭਜਾ ਦਿੱਤਾ। ਇਸ ਨਾਲ ਪਿੰਡ ਵਾਸੀ ਰੋਹ ਵਿੱਚ ਆ ਗਏ ਅਤੇ ਉਨ੍ਹਾਂ ਨੇ ਪੁਲੀਸ ਦੀ ਗੱਡੀ ਨੂੰ ਘੇਰਾ ਪਾ ਲਿਆ। ਪਿੰਡ ਵਾਸੀਆਂ ਨੇ ਕਰੀਬ ਦੋ ਘੰਟੇ ਪੁਲੀਸ ਮੁਲਾਜ਼ਮਾਂ ਨੂੰ ਗੱਡੀ ਸਮੇਤ ਘੇਰੀ ਰੱਖਿਆ ਅਤੇ ਪੁਲੀਸ ਦੇ ਉੱਚ ਅਧਿਕਾਰੀਆਂ ਵੱਲੋਂ ਤਸਕਰਾਂ ਨੂੰ ਭਜਾਉਣ ਵਾਲੇ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਦੇ ਦਿੱਤੇ ਭਰੋਸੇ ਮਗਰੋਂ ਪੁਲੀਸ ਮੁਲਾਜ਼ਮਾਂ ਨੂੰ ਛੱਡਿਆ ਗਿਆ। ਦੂਜੇ ਪਾਸੇ ਪੁਲੀਸ ਵੱਲੋਂ ਇਸ ਮਾਮਲੇ ਨੂੰ ਦੋ ਧਿਰਾਂ ਦੀ ਆਪਸੀ ਰੰਜਿਸ਼ ਦੱਸਿਆ ਜਾ ਰਿਹਾ ਹੈ। ਪਿੰਡ ਦੇ ਸਰਪੰਚ ਖੇਮ ਰਾਜ, ਪੰਚ ਦਰਸ਼ਨ ਲਾਲ, ਸੋਨੂੰ ਕੁਮਾਰ ਆਦਿ ਨੇ ਦੱਸਿਆ ਕਿ ਪਿੰਡ ਦੇ ਅਨੇਕਾਂ ਨੌਜਵਾਨ ਚਿੱਟੇ ਦੀ ਤਸਕਰੀ ਵਿਚ ਲੱਗੇ ਹੋਏ ਹਨ ਅਤੇ ਪਿੰਡ ਵਿੱਚ ਚਿੱਟੇ ਦਾ ਸੇਵਨ ਕਰਨ ਵਾਲੇ ਨੌਜਵਾਨਾਂ ਦੀ ਵੱਡੀ ਗਿਣਤੀ ਹੈ। ਉਨ੍ਹਾਂ ਕਿਹਾ ਕਿ ਪਿੰਡ ਵਿਚ ਸ਼ਰੇਆਮ ਚਿੱਟੇ ਦੀ ਹੋ ਰਹੀ ਤਸਕਰੀ ਨੂੰ ਰੋਕਣ ਲਈ ਜਦੋਂ ਗੜ੍ਹਸ਼ੰਕਰ ਪੁਲੀਸ ਨੂੰ ਸੂਚਿਤ ਕੀਤਾ ਗਿਆ ਤਾਂ ਦੇਰ ਰਾਤ ਪਿੰਡ ਵਿਚ ਪੁੱਜੇ ਪੁਲੀਸ ਮੁਲਾਜ਼ਮਾਂ ਨੇ ਨਸ਼ਾ ਤਸਕਰਾਂ ਨੂੰ ਮੌਕੇ ਤੋਂ ਭਜਾ ਦਿੱਤਾ। ਇਸ ਮੌਕੇ ਮੋਹਣ ਲਾਲ ਨੇ ਕਿਹਾ ਕਿ ਅੱਜ ਦੇਰ ਸ਼ਾਮ ਜਦੋਂ ਪਿੰਡ ਦੇ ਕੁੱਝ ਨੌਜਵਾਨ ਚਿੱਟਾ ਵੇਚ ਰਹੇ ਸਨ ਤਾਂ ਮੁਹੱਲੇ ਵਿਚ ਉਨ੍ਹਾਂ ਵੱਲੋਂ ਇਸ ਦਾ ਵਿਰੋਧ ਕਰਨ ’ਤੇ ਤਸਕਰਾਂ ਨੇ ਉਸ ਨਾਲ ਕੁੱਟਮਾਰ ਦੀ ਕੋਸ਼ਿਸ਼ ਕੀਤੀ ਅਤੇ ਪਰਿਵਾਰ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ਗੜ੍ਹਸ਼ੰਕਰ ਪੁਲੀਸ ਨੂੰ ਸੂਚਿਤ ਕਰਨ ’ਤੇ ਏਐੱਸਆਈ ਕੌਸ਼ਲ ਚੰਦਰ ਮੌਕੇ ’ਤੇ ਪੁੱਜੇ ਪਰ ਉਨ੍ਹਾਂ ਨੇ ਤਸਕਰਾਂ ਨੂੰ ਫੜਨ ਦੀ ਥਾਂ ਉਨ੍ਹਾਂ ਨੂੰ ਕਥਿਤ ਤੌਰ ’ਤੇ ਭਜਾ ਦਿੱਤਾ।
ਡੀਐੱਸਪੀ ਨੇ ਮਾਮਲੇ ਦੀ ਨਿਰਪੱਖ ਜਾਂਚ ਦਾ ਭਰੋਸਾ ਦਿੱਤਾ
ਏਐੱਸਆਈ ਕੌਸ਼ਲ ਚੰਦਰ ਨੇ ਦੱਸਿਆ ਕਿ ਉਨ੍ਹਾਂ ਨੇ ਕਿਸੇ ਤਸਕਰ ਨੂੰ ਨਹੀਂ ਭਜਾਇਆ ਅਤੇ ਇਹ ਦੋ ਧਿਰਾਂ ਦੀ ਆਪਸੀ ਰੰਜਿਸ਼ ਦਾ ਮਾਮਲਾ ਹੈ। ਇਸ ਮਾਮਲੇ ਕਾਰਨ ਹੋਏ ਝਗੜੇ ਕਰਕੇ ਇਕ ਧਿਰ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਇਸ ਮਗਰੋਂ ਦੇਰ ਰਾਤ ਕਰੀਬ ਗਿਆਰਾਂ ਵਜੇ ਪਿੰਡ ਦੇ ਸਰਪੰਚ ਖੇਮ ਰਾਜ ਨਾਲ ਗੜ੍ਹਸ਼ੰਕਰ ਤੋਂ ਡੀਐੱਸਪੀ ਨਰਿੰਦਰ ਸਿੰਘ ਔਜਲਾ ਨੇ ਗੱਲ ਕੀਤੀ ਅਤੇ ਮਾਮਲੇ ਸਬੰਧੀ ਨਿਰਪੱਖਤਾ ਨਾਲ ਜਾਂਚ ਦਾ ਭਰੋਸਾ ਦਿੱਤਾ। ਇਸ ਭਰੋਸੇ ਮਗਰੋਂ ਪਿੰਡ ਵਾਸੀਆਂ ਨੇ ਪੁਲੀਸ ਮੁਲਾਜ਼ਮਾਂ ਨੂੰ ਛੱਡ ਦਿੱਤਾ।