ਗੁਰਦੇਵ ਸਿੰਘ ਗਹੂੰਣ
ਬਲਾਚੌਰ, 13 ਅਕਤੂਬਰ
ਸੰਯੁਕਤ ਕਿਸਾਨ-ਮਜ਼ਦੂਰ ਮੋਰਚੇ ਦੇ ਵਫ਼ਦ ਨੇ ਅੱਜ ਡੀ.ਐੱਸ.ਪੀ. ਬਲਾਚੌਰ ਅਤੇ ਬਲਾਚੌਰ ਸਦਰ ਥਾਣਾ ਮੁਖੀ ਨੂੰ ਮਿਲ ਕੇ ਮੰਗ ਕੀਤੀ ਕਿ 4-5 ਅਕਤੂਬਰ ਦੀ ਰਾਤ ਨੂੰ ਪਿੰਡ ਠਠਿਆਲਾ ਢਾਹਾ ਲਾਗੇ 80 ਭੇਡਾਂ ਚੋਰੀ ਹੋਣ ਦੀ ਵਾਰਦਾਤ ਦੀ ਐੱਫਆਈਆਰ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਉਨ੍ਹਾਂ ਨੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਪੁਲੀਸ ਨੇ ਪਸ਼ੂ-ਪਾਲਕਾਂ ਨੂੰ ਇਨਸਾਫ਼ ਨਾ ਦਿੱਤਾ ਅਤੇ ਚੋਰੀ-ਡਕੈਤੀ ਦੀਆਂ ਵਾਰਦਾਤਾਂ ਨਾ ਰੁਕੀਆਂ ਤਾਂ 17 ਅਕਤੂਬਰ ਨੂੰ ਬਲਾਚੌਰ ਥਾਣੇ ਦਾ ਘਿਰਾਓ ਕੀਤਾ ਜਾਵੇਗਾ।
ਵਫ਼ਦ ਵਿੱਚ ਸ਼ਾਮਲ ਕਾਮਰੇਡ ਕਰਨ ਸਿੰਘ ਰਾਣਾ, ਕਾਮਰੇਡ ਪਰਮਿੰਦਰ ਮੇਨਕਾ, ਹਰਪਾਲ ਸਿੰਘ ਮੱਕੋਵਾਲ ਅਤੇ ਕਰਨੈਲ ਸਿੰਘ ਭੱਲਾ ਆਦਿ ਆਗੂਆਂ ਨੇ ਦੱਸਿਆ ਕਿ ਬਲਾਚੌਰ ਏਰੀਏ ਵਿੱਚ ਨਿੱਤ ਦਿਨ ਚੋਰੀਆਂ ਹੋ ਰਹੀਆਂ ਹਨ। ਟਾਇਰਾਂ ਦੀਆਂ ਦੁਕਾਨਾਂ ਤੋਂ ਟਾਇਰ ਅਤੇ ਤਹਿਸੀਲ ਕੰਪਲੈਕਸ ਦੇ ਅੰਦਰੋਂ ਅਤੇ ਬਾਹਰੋਂ 15-20 ਮੋਟਰ ਸਾਈਕਲ ਚੋਰੀ ਹੋ ਚੁੱਕੇ ਹਨ ਪਰ ਪੁਲੀਸ ਦੇ ਹੱਥ ਹਾਲੇ ਤੱਕ ਮੁਲਜ਼ਮਾਂ ਨੂੰ ਨਹੀਂ ਫੜ ਸਕੀ ਜਿਸ ਕਾਰਨ ਇਲਾਕਾ ਵਾਸੀਆਂ ’ਚ ਰੋਸ ਹੈ। ਇਸ ਮੌਕੇ ਭੇਡਾਂ ਦੇ ਮਾਲਕ ਧਰਮ ਪਾਲ, ਗੱਜਣ ਸਿੰਘ ਅਤੇ ਮੋਰਚੇ ਦੇ ਆਗੂ ਰਾਣਾ ਰਾਏ ਸਿੰਘ ਬਲਾਚੌਰ ਵੀ ਮੌਜੂਦ ਸਨ।