ਜਸਬੀਰ ਸਿੰਘ ਚਾਨਾ
ਫਗਵਾੜਾ, 3 ਦਸੰਬਰ
ਹੁਸ਼ਿਆਰਪੁਰ ਰੋਡ ’ਤੇ ਸਥਿਤ ਸਬਜ਼ੀ ਮੰਡੀ ਤੋਂ ਸਬਜ਼ੀ ਲੈ ਕੇ ਵਾਪਸ ਆ ਰਹੇ ਰੇਹੜੀ ਚਾਲਕ ਨੂੰ ਸ਼ੂਗਰ ਮਿੱਲ ਓਵਰਬ੍ਰਿਜ ’ਤੇ ਟਰੱਕ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਰੇਹੜੀ ਚਾਲਕ ਦੀ ਮੌਕੇ ’ਤੇ ਮੌਤ ਹੋ ਗਈ ਤੇ ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋ ਗਏ। ਮ੍ਰਿਤਕ ਵਿਅਕਤੀ ਦੀ ਪਛਾਣ ਜਵਾਹਰ ਗੁਪਤਾ (50) ਪੁੱਤਰ ਸ਼ਿਵਚਰਨ ਸ਼ਾਹ ਹਾਲ ਵਾਸੀ ਹਦੀਆਬਾਦ ਕਪੂਰਥਲਾ ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਰੇਹੜੀ ਚਾਲਕ ਅੱਜ ਜਦੋਂ ਸਬਜ਼ੀ ਮੰਡੀ ਤੋਂ ਸਬਜ਼ੀ ਲੈ ਕੇ ਸ਼ੂਗਰ ਮਿੱਲ ਚੌਕ ਤੋਂ ਹਦੀਆਬਾਦ ਵੱਲ ਨੂੰ ਜਾਣ ਲੱਗਿਆ ਤਾਂ ਲੁਧਿਆਣਾ ਤੋਂ ਜਲੰਧਰ ਵੱਲ ਜਾ ਰਹੇ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਘਟਨਾ ਦੀ ਸੂਚਨਾ ਮਿਲਦਿਆਂ ਸਾਰ ਮ੍ਰਿਤਕ ਦੇ ਪਰਿਵਾਰਿਕ ਮੈਂਬਰਾ ਤੇ ਸਾਥੀਆਂ ਨੇ ਆਪਣੇ ਸਾਥੀਆਂ ਨਾਲ ਲਾਸ਼ ਨੂੰ ਸ਼ੂਗਰ ਮਿੱਲ ਚੌਕ ’ਚ ਹੀ ਰੱਖ ਕੇ ਧਰਨਾ ਲਗਾ ਦਿੱਤਾ ਜਿਸ ਨਾਲ ਜਲੰਧਰ, ਲੁਧਿਆਣਾ, ਹੁਸ਼ਿਆਰਪੁਰ ਤੇ ਨਕੋਦਰ ਵੱਲੋਂ ਆਉਣ ਵਾਲੀ ਆਵਾਜਾਈ ਬੰਦ ਹੋ ਗਈ। ਮ੍ਰਿਤਕ ਦਾ ਭਰਾ ਵਿਨੈ ਸ਼ਾਹ ਨੇ ਦੋਸ਼ ਲਗਾਉਂਦਿਆ ਕਿਹਾ ਕਿ ਹਾਦਸਾ ਹੋਣ ਦੇ ਕਰੀਬ ਇੱਕ ਘੰਟੇ ਤੱਕ ਕੋਈ ਵੀ ਪੁਲੀਸ ਅਧਿਕਾਰੀ ਮੌਕੇ ’ਤੇ ਨਹੀਂ ਪੁੱਜਿਆ। ਹਾਲਾਂਕਿ ਪੁਲੀਸ ਨੂੰ ਕਈ ਵਾਰ ਫੋਨ ਕੀਤਾ ਗਿਆ।
ਪਰਿਵਾਰਿਕ ਮੈਂਬਰਾਂ ਨੇ ਮੰਗ ਕੀਤੀ ਕਿ ਟਰੱਕ ਡਰਾਈਵਰ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਮੌਕੇ ’ਤੇ ਪੁੱਜੇ ਐੱਸਪੀ ਮਨਵਿੰਦਰ ਸਿੰਘ, ਡੀਐੱਸਪੀ ਪਰਮਜੀਤ ਸਿੰਘ, ਐੱਸਐੱਚਓ ਸਿਟੀ ਨਵਦੀਪ ਸਿੰਘ ਪੁੱਜੇ ਅਤੇ ਧਰਨਾਕਾਰੀਆਂ ਨੂੰ ਸ਼ਾਂਤ ਕੀਤਾ। ਉਨ੍ਹਾਂ ਸੀਸੀਟੀਵੀ ਕੈਮਰਿਆਂ ਰਾਹੀਂ ਪਰਿਵਾਰਿਕ ਮੈਂਬਰਾਂ ਨੂੰ ਵਾਪਰੀ ਘਟਨਾ ਦਿਖਾਈ ਤੇ ਟਰੱਕ ਦੇ ਨੰਬਰ ਦੀ ਸ਼ਨਾਖ਼ਤ ਕਰਕੇ ਟਰੱਕ ਚਾਲਕ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਪੁਲੀਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਵਿੱਚ ਭੇਜਿਆ। ਇਸ ਮਗਰੋਂ ਆਵਾਜਾਈ ਬਹਾਲ ਹੋਈ। ਮ੍ਰਿਤਕ ਵਿਅਕਤੀ ਹਦੀਆਬਾਦ ਚੌਕ ’ਚ ਸਬਜ਼ੀ ਦੀ ਰੇਹੜੀ ਲਗਾਉਂਦਾ ਸੀ ਤੇ ਰੋਜ਼ਾਨਾ ਦੀ ਤਰ੍ਹਾਂ ਸਬਜ਼ੀ ਲੈ ਕੇ ਜਾ ਰਿਹਾ ਸੀ।
ਇਸ ਸਬੰਧੀ ਐੱਸ.ਪੀ. ਮਨਵਿੰਦਰ ਸਿੰਘ ਨੇ ਦੱਸਿਆ ਕਿ ਦੇਰੀ ਨਾਲ ਪੁੱਜਣ ਵਾਲੇ ਅਧਿਕਾਰੀਆਂ ਦੀ ਉਹ ਜਾਂਚ ਕਰਵਾਉਣਗੇ ਜਿਸ ਦੀ ਅਣਗਹਿਲੀ ਸਾਹਮਣੇ ਆਵੇਗੀ ਉਸ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਐੱਸ.ਐੱਚ.ਓ. ਸਿਟੀ ਨਵਦੀਪ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਪੁਲੀਸ ਨੇ ਸੀ.ਸੀ.ਟੀ.ਵੀ ਫ਼ੁਟੇਜ ਦੇ ਆਧਾਰ ’ਤੇ ਛਾਣਬੀਣ ਕਰਕੇ ਟਰੱਕ ਦੀ ਸ਼ਨਾਖ਼ਤ ਕਰ ਲਈ ਹੈ ਤੇ ਧਾਰਾ 279, 304-ਏ, 427 ਆਈ.ਪੀ.ਸੀ ਤਹਿਤ ਕੇਸ ਦਰਜ ਕਰ ਲਿਆ ਹੈ।