ਪੱਤਰ ਪ੍ਰੇਰਕ
ਸ਼ਾਹਕੋਟ, 26 ਅਗਸਤ
ਪਿੰਡ ਨਿਹਾਲੂਵਾਲ ਦੀ ਸੌ ਸਾਲਾਂ ਬਿਰਧ ਔਰਤ ਨੂੰ ਮਰਨ ਮਗਰੋਂ ਉਸ ਨੂੰ ਪਿੰਡ ਵਿੱਚ ਦਫਨਾਉਣ ਲਈ ਦੋ ਗਜ਼ ਜ਼ਮੀਨ ਵੀ ਨਸੀਬ ਨਾ ਹੋਈ। ਨੌਜਵਾਨ ਭਾਰਤ ਸਭਾ ਦੇ ਆਗੂ ਸੋਨੂੰ ਅਰੋੜਾ ਨੇ ਦੱਸਿਆ ਕਿ ਪਿੰਡ ਨਿਹਾਲੂਵਾਲ ਵਿੱਚ ਇਸਾਈ ਭਾਈਚਾਰੇ ਨਾਲ ਸਬੰਧਿਤ ਕਰੀਬ 20 ਤੋਂ 25 ਪਰਿਵਾਰ ਰਹਿੰਦੇ ਹਨ। ਉਨ੍ਹਾਂ ਪਰਿਵਾਰਾਂ ਵਿੱਚੋਂ ਹੀ ਸੌ ਸਾਲਾਂ ਬਿਰਧ ਬੀਬੀ ਬਚਨੋ ਦੀ ਮੌਤ ਹੋਣ ’ਤੇ ਪਿੰਡ ਦੀ ਪੰਚਾਇਤ ਨੇ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਬੀਬੀ ਨੂੰ ਦਫਨਾਉਣ ਤੋਂ ਇਹ ਕਹਿ ਕੇ ਮਨ੍ਹਾਂ ਕਰ ਦਿੱਤਾ ਕਿ ਪੰਚਾਇਤ ਨੇ ਮੁਰਦਿਆਂ ਨੂੰ ਨਾ ਦਫਨਾਉਣ ਦਾ ਮਤਾ ਪਾਸ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਚਾਇਤ ਦਾ ਕਹਿਣਾ ਹੈ ਕਿ ਜੋ ਮੁਰਦਿਆਂ ਨੂੰ ਦਫਨਾਉਣਾ ਚਾਹੁੰਦੇ ਹਨ, ਉਹ ਜ਼ਮੀਨ ਖਰੀਦ ਕੇ ਵੱਖਰਾ ਕਬਰਸਤਾਨ ਬਣਾ ਲੈਣ। ਪੰਚਾਇਤ ਦੇ ਇਸ ਰਵੱਈਏ ਕਾਰਨ ਪਰਿਵਾਰਿਕ ਮੈਂਬਰਾਂ ਨੂੰ ਮਜਬੂਰੀਵੱਸ ਬਜ਼ੁਰਗ ਮਾਤਾ ਦੀਆਂ ਅੰਤਿਮ ਰਸਮਾਂ ਘਰ ਦੇ ਨੇੜੇ ਹੀ ਕਰਨੀਆਂ ਪਈਆਂ।
ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਨੇ ਮੰਗ ਕੀਤੀ ਕਿ ਪਿੰਡ ਨਿਹਾਲੂਵਾਲ ਦੇ ਇਸਾਈ ਭਾਈਚਾਰੇ ਲਈ ਫੌਰੀ ਕਬਰਸਤਾਨ ਮੁਹੱਈਆ ਕਰਵਾਇਆ ਜਾਵੇ।
ਪਿੰਡ ਨਿਹਾਲੂਵਾਲ ਬਸਤੀ ਦੇ ਸਰਪੰਚ ਜਸਪਾਲ ਸਿੰਘ ਜੱਸੀ ਨੇ ਕਿਹਾ ਕਿ ਉਨ੍ਹਾਂ ਨੇ ਸਮੁੱਚੇ ਪਿੰਡ ਦੀ ਸਹਿਮਤੀ ਨਾਲ ਪੰਚਾਇਤ ਵਿੱਚ ਇਹ ਮਤਾ ਪਾਸ ਕੀਤਾ ਹੋਇਆ ਹੈ ਕਿ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਕਿਸੇ ਨੂੰ ਵੀ ਮੁਰਦੇ ਨੂੰ ਦਫਨਾਉਣ ਜਾਂ ਕਬਰ ਬਣਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।