ਨਿੱਜੀ ਪੱਤਰ ਪ੍ਰੇਰਕ
ਬਲਾਚੌਰ, 13 ਜੁਲਾਈ
ਕਾਠਗੜ੍ਹ ਖੇਤਰ ਦੇ ਪਿੰਡਾਂ ’ਚ ਕਈ ਹਫ਼ਤਿਆਂ ਤੋਂ ਧੱਫੜੀ ਰੋਗ ਨਾਲ ਗਾਵਾਂ ਮਰਨ ਦੇ ਮਾਮਲੇ ਆਉਣ ਮਗਰੋਂ ਡਾ. ਸੁਖਵਿੰਦਰ ਸਿੰਘ ਸਹਾਇਕ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਨਵਾਂਸ਼ਹਿਰ ਡਾਕਟਰਾਂ ਦੀ ਟੀਮ ਨੇ ਕਈ ਪਿੰਡਾਂ ਵਿੱਚ ਗਾਵਾਂ ਦੀ ਜਾਂਚ ਕੀਤੀ। ਧਫੜੀ ਰੋਗ ਕਾਰਨ ਮਰ ਰਹੀਆਂ ਗਾਵਾਂ ਦੇ ਮਾਲਕ ਕਿਸਾਨਾਂ ਤੇ ਡੇਅਰੀ ਫਾਰਮ ਮਾਲਕਾਂ ਨੇ ਵਿਧਾਇਕਾ ਸੰਤੋਸ਼ ਕਟਾਰੀਆ ਨੂੰ ਮੰਗ ਪੱਤਰ ਦੇ ਕੇ ਗਾਵਾਂ ਨੂੰ ਬਚਾਉਣ ਲਈ ਵੈਟਰਨਰੀ ਡਾਕਟਰਾਂ ਦੀ ਟੀਮ ਭੇਜ ਕੇ ਪਸ਼ੂਆਂ ਨੂੰ ਵੈਕਸੀਨ ਲਗਵਾਉਣ ਦੀ ਮੰਗ ਕੀਤੀ ਸੀ। ਇਸ ’ਤੇ ਅਮਲ ਕਰਦਿਆਂ ਡਾਕਟਰਾਂ ਦੀ ਟੀਮ ਨੇ ਭਰਥਲਾ, ਭਰਥਲਾ ਬੇਟ, ਕਿਸ਼ਨਪੁਰ, ਹਸਨਪੁਰ, ਦੁਭਾਲੀ ਅਤੇ ਜਲਾਲਪੁਰ ਆਦਿ ਪਿੰਡਾਂ ਵਿੱਚ ਪਹੁੰਚੇ ਅਤੇ ਪਸ਼ੂ ਪਾਲਕਾਂ ਦੇ ਡੇਅਰੀ ਫਾਰਮਾਂ ਤੇ ਜਾ ਕੇ ਪਸ਼ੂਆਂ ਦੀ ਜਾਂਚ ਕੀਤੀ। ਮੈਡੀਕਲ ਟੀਮਾਂ ਨੇ ਪਸ਼ੂਆਂ ਦੀ ਜਾਂਚ ਕਰਕੇ ਦਵਾਈਆਂ ਲਿਖ ਕੇ ਦਿੱਤੀਆਂ ਅਤੇ ਪਸ਼ੂਆਂ ਦੀ ਦੇਖਭਾਲ ਕਰਨ ਦੀ ਮੁਕੰਮਲ ਜਾਣਕਾਰੀ ਦਿੱਤੀ। ਡਾ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਬੀਮਾਰੀ ਦੀ ਰੋਕਥਾਮ ਲਈ ਸਿਰਫ ਗੇਟ ਪੌਕਸ ਵੈਕਸੀਨ ਹੀ ਲਾਈ ਜਾਂਦੀ ਹੈ। ਇਸ ਮੌਕੇ ਪੀ.ਡੀ.ਐੱਫ. ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਕੋਹਲੀ ਸਣੇ ਇਲਾਕੇ ਦੇ ਸਮੂਹ ਪੀੜਤ ਨੇ ਗਾਵਾਂ ਵਿੱਚ ਫੈਲੇ ਇਸ ਧੱਫੜੀ ਰੋਗ ਦੀ ਰੋਕਥਾਮ ਲਈ ਦਵਾਈਆਂ ਸਮੇਤ ਡਾਕਟਰਾਂ ਦੀਆਂ ਟੀਮਾਂ ਮੁੜ ਭੇਜਣ ਦੀ ਮੰਗ ਕੀਤੀ।