ਹਰਜੀਤ ਸਿੰਘ ਪਰਮਾਰ
ਬਟਾਲਾ, 1 ਅਪਰੈਲ
ਇਲਾਕੇ ਦੇ ਪਿੰਡ ਵਿੱਚ ਬੁੱਧਵਾਰ ਰਾਤ ਜੀਜੇ ਨੇ ਪਰਿਵਾਰਕ ਰੰਜਿਸ਼ ਦੇ ਚੱਲਦਿਆਂ ਆਪਣੇ ਸਾਲੇ ਦੇ ਘਰ ਵਿੱਚ ਜਬਰਦਸਤੀ ਦਾਖਲ ਹੋ ਕੇ ਪਹਿਲਾਂ ਉਸ ਦੀ ਕੁੱਟਮਾਰ ਕੀਤੀ ਅਤੇ ਫਿਰ ਉਸ ਦੀ ਗਰਭਵਤੀ ਪਤਨੀ ਨਾਲ ਜਬਰ-ਜਨਾਹ ਕੀਤਾ। ਪੁਲੀਸ ਨੇ ਪੀੜਤ ਵਿਅਕਤੀ ਦੇ ਬਿਆਨ ਦਰਜ ਕਰਨ ਤੋਂ ਬਾਅਦ ਮੁਲਜ਼ਮ ਅਤੇ ਉਸ ਦੇ ਦੋ ਅਣਪਛਾਤੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਸਿਵਲ ਹਸਪਤਾਲ ਬਟਾਲਾ ਵਿੱਚ ਦਾਖ਼ਲ ਪੀੜਤ ਸਾਲੇ ਨੇ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ ਕਰੀਬ 20 ਸਾਲ ਪਹਿਲਾਂ ਤਰਨ ਤਾਰਨ ਵਿੱਚ ਗੁਰਮੀਤ ਸਿੰਘ ਨਾਲ ਹੋਇਆ ਸੀ। ਉਸ ਦਾ ਜੀਜਾ ਅਕਸਰ ਉਸ ਦੀ ਭੈਣ ਨਾਲ ਕੁੱਟਮਾਰ ਕਰਦਾ ਸੀ ਪਰ ਰਿਸ਼ਤੇਦਾਰ ਮਾਮਲੇ ਨੂੰ ਠੰਢਾ ਕਰ ਦਿੰਦੇ ਸਨ। ਉਸ ਨੇ ਦੱਸਿਆ ਕਿ ਘਰ ਵਿੱਚ ਕਲੇਸ਼ ਰਹਿਣ ਕਾਰਨ ਉਸ ਦੀ ਭੈਣ ਹੁਣ ਕਾਫੀ ਸਮੇਂ ਤੋਂ ਉਨ੍ਹਾਂ ਕੋਲ ਹੀ ਰਹਿ ਰਹੀ ਸੀ ਅਤੇ ਇਸੇ ਦੌਰਾਨ ਉਸ ਦੇ ਜੀਜੇ ਨੇ ਉਸ ਦੀ ਭੈਣ ਦੀਆਂ ਕੁੱਝ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀਆਂ। ਉਨ੍ਹਾਂ ਨੇ ਇਸ ਸਬੰਧੀ ਪੁਲੀਸ ਨੂੰ ਸ਼ਿਕਾਇਤ ਦਿੱਤੀ ਜਿਸ ਤੋਂ ਨਾਰਾਜ਼ ਹੋ ਕੇ ਉਸ ਦਾ ਜੀਜਾ ਬੁੱਧਵਾਰ ਰਾਤ ਨੂੰ ਆਪਣੇ ਦੋ ਸਾਥੀਆਂ ਨਾਲ ਉਨ੍ਹਾਂ ਦੇ ਘਰ ਵਿੱਚ ਜ਼ਬਰਦਸਤੀ ਦਾਖਲ ਹੋ ਗਿਆ ਅਤੇ ਉਸ ਨੂੰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ। ਇਸ ਮਗਰੋਂ ਉਸ ਨੂੰ ਬੰਨ੍ਹ ਕੇ ਉਸ ਦੇ ਸਾਹਮਣੇ ਉਸ ਦੀ ਗਰਭਵਤੀ ਪਤਨੀ ਨਾਲ ਜਬਰ-ਜਨਾਹ ਕੀਤਾ।
ਥਾਣਾ ਘਣੀਏ ਕੇ ਬਾਂਗਰ ਦੇ ਮੁਖੀ ਅਮੋਲਕਦੀਪ ਸਿੰਘ ਨੇ ਦੱਸਿਆ ਕਿ ਇਸ ਘਟਨਾ ਸਬੰਧੀ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ ਅਤੇ ਪੁਲੀਸ ਨੇ ਪੀੜਤਾਂ ਦੇ ਬਿਆਨ ਦਰਜ ਕਰਕੇ ਮੁਲਜ਼ਮ ਜੀਜੇ ਖ਼ਿਲਾਫ਼ ਜਬਰ-ਜਨਾਹ ਅਤੇ ਉਸ ਦੇ ਦੋ ਸਾਥੀਆਂ ਖ਼ਿਲਾਫ਼ ਕੁੱਟਮਾਰ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਬਰ-ਜਨਾਹ ਦੇ ਦੋਸ਼ ਹੇਠ ਮੁਲਜ਼ਮ ਗ੍ਰਿਫ਼ਤਾਰ
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਬੀਤੇ ਦਿਨੀਂ ਥਾਣਾ ਬੁੱਲ੍ਹੋਵਾਲ ਦੇ ਪਿੰਡ ਦੀ ਜਬਰ-ਜਨਾਹ ਪੀੜਤ ਨਾਬਾਲਗ ਲੜਕੀ ਨੇ ਆਤਮਹੱਤਿਆ ਕਰ ਲਈ ਸੀ। ਜ਼ਿਲ੍ਹਾ ਪੁਲੀਸ ਵਲੋਂ ਅੱਜ ਇਸ ਕੇਸ ਦੇ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਐੱਸ.ਐੱਸ.ਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਮੁਲਜ਼ਮਾਂ ਦੀ ਭਾਲ ਲਈ ਛਾਪੇ ਮਾਰੇ ਗਏ ਤੇ ਮੁੱਖ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਦੂਸਰੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਕਾਰਵਾਈ ਜਾਰੀ ਹੈ। ਉਨ੍ਹਾਂ ਦੱਸਿਆ ਕਿ ਪੀੜਤ ਲੜਕੀ ਦੀ ਮਾਂ ਨੇ ਥਾਣਾ ਬੁੱਲ੍ਹੋਵਾਲ ਵਿੱਚ ਮਾਮਲਾ ਦਰਜ ਕਰਵਾਇਆ ਸੀ ਜਿਸ ਵਿੱਚ ਉਨ੍ਹਾਂ ਦੱਸਿਆ ਕਿ ਉਸ ਦੀ ਧੀ 28 ਮਾਰਚ ਨੂੰ ਆਪਣੀ ਸਹੇਲੀ ਦੇ ਘਰ ਸਕੂਲ ਦਾ ਕੰਮ ਕਰਨ ਗਈ ਸੀ ਅਤੇ ਰਸਤੇ ਵਿੱਚ ਦੋ ਲੜਕੇ ਉਸ ਨੂੰ ਅਗਵਾ ਕਰਕੇ ਗੱਡੀ ਵਿੱਚ ਲੈ ਗਏ ਸਨ ਤੇ ਜਬਰ-ਜਨਾਹ ਕੀਤਾ।