ਪੱਤਰ ਪ੍ਰੇਰਕ
ਆਦਮਪੁਰ ਦੋਆਬਾ, 4 ਮਈ
ਮੁੰਡੇ ਦੇ ਜਨਮ ਦਿਨ ਦੇ ਬਹਾਨੇ ਬੁਲਾ ਕੇ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਥਾਨਕ ਪੁਲੀਸ ਨੇ ਕੇਸ ਦਰਜ ਕਰ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੀੜਤ ਲੜਕੀ ਜੋ ਕਿ ਥਾਣਾ ਬੁੱਲੋਵਾਲ ਦੀ ਰਹਿਣ ਵਾਲੀ ਹੈ, ਨੇ ਪੁਲੀਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਹੈ ਕਿ ਉਸ ਦੀ ਉਮਰ 17 ਸਾਲ ਦੇ ਕਰੀਬ ਹੈ ਤੇ ਬਾਰ੍ਹਵੀਂ ਕਲਾਸ ਦੇ ਪੇਪਰ ਦੇਣ ਦੀ ਤਿਆਰੀ ਕਰ ਰਹੀ ਹੈ। ਉਸ ਨੇ ਦੱਸਿਆ ਕਿ ਉਸ ਦੇ ਮਾਤਾ ਪਿਤਾ ਦਿਹਾੜੀ ਕਰਦੇ ਹਨ ਤੇ ਉਸ ਦਾ ਇੱਕ ਭਰਾ ਹੈ। ਉਸ ਦੀ ਮਾਤਾ ਦਾ ਫੋਨ ਉਸ ਪਾਸ ਹੀ ਹੁੰਦਾ ਹੈ ਜਿਸ ’ਤੇ ਜਸਪਾਲ ਸਿੰਘ ਉਰਫ ਲਾਡੀ ਪੁੱਤਰ ਚੰਨਣ ਸਿੰਘ ਵਾਸੀ ਤਲਵੰਡੀ ਰਾਈਆ ਦਾ ਫੋਨ ਆਇਆ ਕਿ ਉਸ ਦੇ ਵੱਡੇ ਲੜਕੇ ਦਾ ਜਨਮ ਦਿਨ ਹੈ ਤੇ ਉਸ ਨੇ ਪਾਰਟੀ ਕਰਨੀ ਹੈ ਤੇ ਉਹ ਤਲਵੰਡੀ ਰਾਈਆ ਆ ਜਾਣ। ਜਿਸ ਕਾਰਨ ਉਹ ਤੇ ਉਸ ਦੀ ਮਾਸੀ ਦੀ ਲੜਕੀ ਜਸਪਾਲ ਸਿੰਘ ਦੇ ਪਿੰਡ ਪੁੱਜੇ ਤਾਂ ਜਸਪਾਲ ਨੇ ਦੋਵਾਂ ਨੂੰ ਇੱਕ ਕਮਰੇ ਵਿਚ ਬਿਠਾ ਦਿੱਤਾ ਤੇ ਥੋੜ੍ਹੀ ਦੇਰ ਬਾਅਦ ਉਸ ਦੀ ਮਾਸੀ ਦੀ ਲੜਕੀ ਨੂੰ ਧਮਕਾ ਕੇ ਬਾਹਰ ਕੱਢ ਦਿੱਤਾ। ਉਸ ਨੇ ਦੱਸਿਆ ਕਿ ਜਸਪਾਲ ਸਿੰਘ ਨੇ ਉਸ ਨਾਲ ਜਬਰ ਜਨਾਹ ਕੀਤਾ ਤੇ ਉਸ ਵਲੋਂ ਰੌਲਾ ਪਾਉਣ ’ਤੇ ਜਸਪਾਲ ਉਥੋਂ ਫਰਾਰ ਹੋ ਗਿਆ। ਘਰ ਪਹੁੰਚ ਕੇ ਉਨ੍ਹਾਂ ਸਾਰੀ ਕਹਾਣੀ ਆਪਣੀ ਮਾਤਾ ਨੂੰ ਦੱਸਿਆ। ਸਾਰੀ ਜਾਣਕਾਰੀ ਦੇਣ ’ਤੇ ਪੁਲੀਸ ਨੇ ਕੇਸ ਦਰਜ ਕਰ ਲਿਆ। ਪੁਲੀਸ ਨੇ ਜਸਪਾਲ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਹੈ।