ਨਿੱਜੀ ਪੱਤਰ ਪ੍ਰੇਰਕ
ਜਲੰਧਰ, 12 ਫਰਵਰੀ
ਸੁਲਤਾਨਪੁਰ ਲੋਧੀ ਵਿਧਾਨ ਸਭਾ ਹਲਕੇ ਵਿਚ ਆਜ਼ਾਦ ਉਮੀਦਵਾਰ ਰਾਣਾ ਇੰਦਰ ਪ੍ਰਤਾਪ ਸਿੰਘ ਤੇ ਨਵਤੇਜ ਸਿੰਘ ਚੀਮਾ ਵਿਚਕਾਰ ਸ਼ਬਦੀ ਜੰਗ ਤੇਜ਼ ਹੋ ਗਈ ਹੈ। ਮੰਤਰੀ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਾਂਗਰਸ ਦੇ ਉਮੀਦਵਾਰ ਨਵਤੇਜ ਸਿੰਘ ਚੀਮਾ ’ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਐੱਸਟੀਐੱਫ ਦੀ ਟੀਮ ਨੇ ਜਿਹੜੇ ਕਬੱਡੀ ਖਿਡਾਰੀ ਜੀਤਾ ਮੌੜ ਨੂੰ ਨਸ਼ਿਆਂ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਹੈ ਉਸ ਨੇ ਨਵਤੇਜ ਸਿੰਘ ਚੀਮਾ ਦੀ ਕੋਠੀ ਬਣਾਉਣ ਵਿਚ ਪੈਸੇ ਖਰਚੇ ਸਨ।
ਉਧਰ, ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਉਸ ਦੇ ਕਬੱਡੀ ਖਿਡਾਰੀ ਜੀਤਾ ਮੌੜ ਨਾਲ ਕੋਈ ਸਬੰਧ ਨਹੀਂ ਜਦਕਿ ਰਾਣਾ ਇੰਦਰ ਪ੍ਰਤਾਪ ਸਿੰਘ ਦੇ ਪਿਤਾ ਰਾਣਾ ਗੁਰਜੀਤ ਸਿੰਘ ਨਾਲ ਉਸ ਦੀਆਂ ਤਸਵੀਰਾਂ ਦੇਖੀਆਂ ਜਾ ਸਕਦੀਆਂ ਹਨ। ਉਸ ਨੇ ਦੋਸ਼ਾਂ ਨੂੰ ਮੂਲੋਂ ਰੱਦ ਕਰਦਿਆਂ ਕਿਹਾ ਕਿ ਅਸਲ ’ਚ ਉਹ ਗੁੰਡਾਗਰਦੀ ਨੂੰ ਛੁਪਾਉਣ ਲਈ ਦੋਸ਼ ਲਾ ਰਹੇ ਹਨ।