ਪੱਤਰ ਪ੍ਰੇਰਕ
ਬਲਾਚੌਰ, 16 ਫਰਵਰੀ
ਹਲਕੇ ਤੋਂ ਕਾਂਗਰਸੀ ਉਮੀਦਵਾਰ ਚੌਧਰੀ ਦਰਸ਼ਨ ਲਾਲ ਮੰਗੂਪੁਰ ਦੇ ਹੱਕ ਵਿੱਚ ਬਲਾਚੌਰ ਸ਼ਹਿਰ ਦੇ ਵਾਰਡ ਨੰਬਰ ਇੱਕ (ਸਿਆਣਾ), 7, 10 ਅਤੇ ਸ਼ਿਵਾਲਿਕ ਹੋਟਲ ਲਾਗੇ ਭਰਵੇਂ ਇਕੱਠ ਹੋਏ। ਇਸ ਮੌਕੇ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਚੋਣ ਸਭਾਵਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਨੁਮਾਇੰਦਾ ਇਸ ਹਲਕੇ ਤੋਂ ਲਗਾਤਾਰ 20 ਸਾਲ ਤੱਕ ਜਿੱਤਦਾ ਰਿਹਾ ਅਤੇ 10 ਸਾਲਾਂ ਤੱਕ ਇਸੇ ਪਾਰਟੀ ਦੀ ਸਰਕਾਰ ਰਹੀ, ਪ੍ਰੰਤੂ ਅਕਾਲੀ ਹਕੂਮਤ ਦੌਰਾਨ ਹਲਕੇ ਨੂੰ ਵਿਕਾਸ ਪੱਖੋਂ ਪੂਰੀ ਤਰ੍ਹਾਂ ਅਣਗੌਲਿਆਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਬਲਾਚੌਰ ਨੂੰ ਜੋੜਦੀਆਂ ਚਾਰੇ ਸੜਕਾਂ ਨੂੰ ਚੌੜੀਆਂ ਕਰ ਕੇ ਬਣਵਾਇਆ ਗਿਆ ਹੈ, ਇਲਾਕੇ ਦੀਆਂ ਪ੍ਰਮੁੱਖ ਲਿੰਕ ਸੜਕਾਂ 18 ਫੁੱਟ ਚੌੜੀਆਂ ਕਰਕੇ ਬਣਾਈਆਂ ਗਈਆਂ ਹਨ। ਉਨ੍ਹਾਂ ਪੰਜੇ ਦੇ ਬਟਨ ਨੂੰ ਦਬਾ ਕੇ ਉਨ੍ਹਾਂ ਨੂੰ ਇੱਕ ਵਾਰ ਫਿਰ ਸੇਵਾ ਕਰਨ ਦਾ ਮੌਕਾ ਦੇਣ ਲਈ ਕਿਹਾ। ਇਸ ਮੌਕੇ ਨਗਰ ਕੌਂਸਲ ਬਲਾਚੌਰ ਦੇ ਪ੍ਰਧਾਨ ਟਿੰਕੂ ਘਈ, ਸਮਾਜ ਸੇਵੀ ਰਿੱਕੀ ਬਜਾਜ, ਬੌਬੀ ਰਾਣਾ ਅਤੇ ਸ਼ਹਿਰ ਦੇ ਮਿਉਂਸਿਪਲ ਕੌਂਸਲਰ ਵੀ ਮੌਜੂਦ ਸਨ।