ਹਤਿੰਦਰ ਮਹਿਤਾ
ਜਲੰਧਰ, 19 ਅਪਰੈਲ
ਪੰਜਾਬ ਸਰਕਾਰ ਵੱਲੋਂ 58 ਸਾਲ ਤੋਂ ਵੱਧ ਉਮਰ ਦੀਆਂ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੂੰ ਵਿਭਾਗ ਤੋਂ ਫ਼ਾਰਗ ਕਰਨ ਦੇ ਵਿਰੋਧ ਵਿੱਚ ਡੈਮੋਕਰੇਟਿਕ ਆਸ਼ਾ ਵਰਕਰਜ਼ ਫੈਸਿਲੀਟੇਟਰ ਯੂਨੀਅਨ ਜ਼ਿਲ੍ਹਾ ਜਲੰਧਰ ਵੱਲੋਂ ਕੰਪਨੀ ਬਾਗ਼ ਵਿੱਚ ਜ਼ਿਲ੍ਹਾ ਪੱਧਰੀ ਵਿਸ਼ਾਲ ਰੈਲੀ ਕੀਤੀ ਗਈ ਅਤੇ ਵਿਧਾਇਕ ਰਮਨ ਅਰੋੜਾ ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਿਆ ਗਿਆ। ਰੈਲੀ ਦੌਰਾਨ ਸੂਬਾ ਆਗੂ ਮਨਦੀਪ ਕੌਰ ਬਿਲਗਾ ਅਤੇ ਜ਼ਿਲ੍ਹਾ ਪ੍ਰਧਾਨ ਗੁਰਜੀਤ ਕੌਰ ਸ਼ਾਹਕੋਟ ਤੋਂ ਇਲਾਵਾ ਡੀ.ਐਮ.ਐਫ. ਦੇ ਜ਼ਿਲ੍ਹਾ ਪ੍ਰਧਾਨ ਹਰਿੰਦਰ ਦੁਸਾਂਝ ਤੇ ਜਨਰਲ ਸਕੱਤਰ ਕੁਲਵਿੰਦਰ ਸਿੰਘ ਜੋਸ਼ਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਵੱਲੋਂ ਕੀਤੀ ਗਈ 17 ਸਾਲ ਦੀ ਲੰਬੀ ਸੇਵਾ ਨੂੰ ਅਣਗੌਲਿਆਂ ਕਰ ਕੇ ਦੀ ਸੇਵਾਮੁਕਤੀ ਦੀ ਉਮਰ 58 ਸਾਲ ਤੈਅ ਕਰ ਕੇ 31 ਮਾਰਚ ਤੋਂ ਬਾਅਦ ਖਾਲੀ ਹੱਥ ਘਰੀਂ ਤੋਰਨ ਦਾ ਫੁਰਮਾਨ ਜਾਰੀ ਕਰ ਦਿੱਤਾ ਗਿਆ ਹੈ। ਆਗੂ ਅੰਮ੍ਰਿਤਪਾਲ ਕੌਰ ਨੁਸੀ, ਕਲਵਿੰਦਰ ਕੌਰ ਕਪੂਰਥਲਾ, ਰਜਿੰਦਰਪਾਲ ਕੌਰ ਫਗਵਾੜਾ, ਕੁਲਜੀਤ ਕੌਰ ਖਾਲਸਾ, ਸੀਤਾ ਬੁਲੰਦਪੁਰ, ਆਸ਼ਾ ਗੁਪਤਾ, ਸੁਖਨਿੰਦਰ ਕੌਰ, ਕਵਿਤਾ ਰਾਣੀ ਕਾਲਾ ਬੱਕਰਾ, ਆਂਚਲ ਹਰੀਪੁਰ ਤੇ ਕੁਲਦੀਪ ਕੌਰ ਕਾਲਾ ਬੱਕਰਾ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਇਹ ਪੱਤਰ ਵਾਪਸ ਨਾ ਲਿਆ ਗਿਆ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਵਰਕਰਾਂ ਦੀ ਸੇਵਾਮੁਕਤੀ ਉਮਰ 65 ਸਾਲ ਕੀਤੀ ਜਾਵੇ ਅਤੇ ਹਰ ਮਹੀਨੇ 10 ਹਜ਼ਾਰ ਰੁਪਏ ਪੈਨਸ਼ਨ ਦਿੱਤੀ ਜਾਵੇ।