ਜਸਬੀਰ ਸਿੰਘ ਚਾਨਾ
ਫਗਵਾੜਾ, 28 ਅਕਤੂਬਰ
ਫਗਵਾੜਾ ਦੀ ਜੰਮਪਲ ਰਜਨੀ ਸਿੰਘ ਨੇ ਵਿਆਹ ਤੋਂ 19 ਸਾਲ ਬਾਅਦ ਇੰਗਲੈਂਡ ਵਿੱਚ ਹੁੰਦੇ ‘ਮਿਸ ਗ੍ਰੇਟ ਬ੍ਰਿਟੇਨ’ ਮੁਕਾਬਲੇ ਵਿੱਚ ਉਮੀਦਵਾਰ ਵਜੋਂ ਸ਼ਾਮਲ ਹੋਣ ਦਾ ਆਪਣਾ ਸੁਫਨਾ ਪੂਰਾ ਕਰਦੇ ਹੋਏ ਇਸ ਮੁਕਾਬਲੇ ’ਚ ਰਨਰਅੱਪ ਟਰਾਫੀ ਜਿੱਤੀ ਹੈ। ਸਾਬਕਾ ਕਾਂਗਰਸੀ ਕੌਂਸਲਰ ਤੇ ਹਰਗੋਬਿੰਦ ਨਗਰ ਦੇ ਵਸਨੀਕ ਵਿਜੈ ਸੌਂਧੀ ਦੀ ਧੀ ਰਜਨੀ ਸਿੰਘ ਜੋ ਕਿ ਇੰਗਲੈਂਡ ’ਚ ਕੌਮੀ ਸਿਹਤ ਪ੍ਰਣਾਲੀ ਵਿੱਚ ਮੈਨੇਜਰ ਦੇ ਅਹੁਦੇ ’ਤੇ ਕੰਮ ਕਰ ਰਹੀ ਹੈ, ਦਾ ਵਿਆਹ 19 ਸਾਲ ਪਹਿਲਾਂ ਦਲਜੀਤ ਸਿੰਘ ਨਾਲ ਹੋਇਆ ਸੀ। ਉਸ ਨੇ ਐੱਮ.ਏ ਤੱਕ ਪੜ੍ਹਾਈ ਕੀਤੀ ਸੀ। ਆਪਣੇ ਰੁਝੇਵੇਂ ਭਰੀ ਜ਼ਿੰਦਗੀ ਦੇ ਨਾਲ-ਨਾਲ ਉਸ ਨੇ ‘ਮਿਸ ਗ੍ਰੇਟ ਬ੍ਰਿਟੇਨ’ ਵਿੱਚ ਉਮੀਦਵਾਰ ਵਜੋਂ ਸ਼ਾਮਲ ਹੋਣ ਦੇ ਆਪਣੇ ਸੁਫਨੇ ਨੂੰ ਪੂਰਾ ਕਰਨ ਲਈ ਕੋਸ਼ਿਸ਼ ਜਾਰੀ ਰੱਖੀ। ਇਸ ਵਾਰ ਉਸ ਨੇ ਲੰਡਨ ’ਚ ਹੋਏ 77ਵੇਂ ‘ਮਿਸ ਗ੍ਰੇਟ ਬ੍ਰਿਟੇਨ’ ਮੁਕਾਬਲੇ ’ਚ ਹਿੱਸਾ ਲਿਆ। ਇਸ ਦੌਰਾਨ ਉਸ ਕੋਲੋਂ ਕਈ ਸਵਾਲ-ਜਵਾਬ ਹੋਏ ਅਤੇ ਸ਼ਰੀਰ ਦੀ ਫਿੱਟਨੈੱਸ ਸਮੇਤ ਕੋਈ ਹੋਰ ਪੁਆਇੰਟ ਦੇਖੇ ਗਏ। ਇਸ ਸਭ ਤੋਂ ਬਾਅਦ ਉਸ ਨੂੰ ਇਸ ਮੁਕਾਬਲੇ ਦੀ ਰਨਰਅੱਪ ਟਰਾਫੀ ਦਿੱਤੀ ਗਈ। ਇਸ ਤਰ੍ਹਾਂ ਰਜਨੀ ਸਿੰਘ ਨੇ ਫਗਵਾੜਾ ਸ਼ਹਿਰ ਦਾ ਨਾਮ ਦੁਨੀਆਂ ਭਰ ’ਚ ਰੋਸ਼ਨ ਕੀਤਾ। ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ।
ਉੱਧਰ, ਰਜਨੀ ਸਿੰਘ ਨੇ ਫੋਨ ’ਤੇ ਗੱਲਬਾਤ ਦੌਰਾਨ ਕਿਹਾ ਕਿ ਇਸ ਪ੍ਰਾਪਤੀ ’ਚ ਉਸ ਦੇ ਪਤੀ ਦਲਜੀਤ ਸਿੰਘ, ਮਾਤਾ ਵੀਨਾ ਸੌਂਧੀ ਤੇ ਪਿਤਾ ਵਿਜੈ ਸੌਂਧੀ ਦਾ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਦੀ ਬਦੌਲਤ ਹੀ ਇਹ ਸੰਭਵ ਹੋਇਆ ਹੈ। ਇੱਥੋਂ ਦੇ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਵਿਜੈ ਸੌਂਧੀ ਨਾਲ ਇਸ ਪ੍ਰਾਪਤੀ ’ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਵਧਾਈ ਦਿੱਤੀ ਹੈ।