ਜੇ.ਬੀ. ਸੇਖੋਂ
ਗੜ੍ਹਸ਼ੰਕਰ, 13 ਸਤੰਬਰ
ਸ਼ਹਿਰ ਤੋਂ ਕੋਟ ਫਤੂਹੀ ਵੱਲ ਜਾਂਦੀ ਬਿਸਤ ਦੁਆਬ ਨਹਿਰ ’ਤੇ ਪੈਂਦੇ ਪਿੰਡ ਰਾਏਪੁਰ ਗੁੱਜਰਾਂ ਦੇ ਵਸਨੀਕਾਂ ਲਈ ਪੁਲ ਦਾ ਪ੍ਰਬੰਧ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ ਹਨ। ਪਿੰਡ ਦੇ ਵਸਨੀਕਾਂ ਨੂੰ ਨਹਿਰ ਤੋਂ ਦੂਜੇ ਪਾਸੇ ਗੜ੍ਹਸ਼ੰਕਰ-ਕੋਟ ਫਤੂਹੀ ਰੋਡ ’ਤੇ ਆਉਣ ਲਈ ਦੂਰ ਦੂਰਾਡੇ ਦੇ ਪਿੰਡਾਂ ਤੋਂ ਘੁੰਮ ਕੇ ਆਉਣਾ ਪੈਂਦਾ ਹੈ। ਇਸ ਕਰ ਕੇ ਪੰਜ ਮਿੰਟ ਦਾ ਸਫ਼ਰ ਅੱਧੇ ਘੰਟੇ ਵਿੱਚ ਕਰਨਾ ਪੈ ਰਿਹਾ ਹੈ।
ਇਸ ਬਾਰੇ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਦੀ ਅਗਵਾਈ ਵਿਚ ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਕਰੀਬ ਛੇ ਮਹੀਨਿਆਂ ਤੋਂ ਪਿੰਡ ਨੂੰ ਜਾਣ ਵਾਲੇ ਪੁਲ ਨੂੰ ਨਹਿਰੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਹਟਾ ਦਿੱਤਾ ਗਿਆ ਸੀ। ਇੱਥੇ ਚੌੜੇ ਪੁਲ ਦਾ ਨਿਰਮਾਣ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਅਜੇ ਤੱਕ ਇਸ ਪਾਸੇ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਦਾ ਖ਼ਮਿਆਜ਼ਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦੇ ਕਿਸਾਨਾਂ ਦੀਆਂ ਜ਼ਿਆਦਾਤਰ ਜ਼ਮੀਨਾਂ ਨਹਿਰ ਦੇ ਦੂਜੇ ਪਾਸੇ ਹਨ ਜਿਸ ਕਰ ਕੇ ਰੋਜ਼ਾਨਾ ਹਰਾ-ਚਾਰਾ ਲਿਆਉਣ ਲਈ ਦੋ ਘੰਟੇ ਦਾ ਵਾਧੂ ਸਫ਼ਰ ਕਰਨਾ ਪੈਂਦਾ ਹੈ।
ਇਸ ਮੌਕੇ ਸ੍ਰੀ ਧੀਮਾਨ ਨੇ ਮੰਗ ਕੀਤੀ ਕਿ ਇਸ ਸਮੱਸਿਆ ਦਾ ਜਲਦ ਹੱਲ ਕੀਤਾ ਜਾਵੇ ਅਤੇ ਨਹਿਰ ਉੱਤੇ ਚੌੜਾ ਪੁਲ ਉਸਾਰਨ ਦੇ ਨਾਲ-ਨਾਲ ਨਹਿਰ ਦੀ ਸਾਫ਼-ਸਫ਼ਾਈ ਦਾ ਪ੍ਰਬੰਧ ਵੀ ਕੀਤਾ ਜਾਵੇ।