ਦੀਪਕ ਠਾਕੁਰ
ਤਲਵਾੜਾ,13 ਜੂਨ
ਪਿੰਡ ਭੋਲ ’ਚ ਨੰਗਲ ਡੈਮ ਤਲਵਾੜਾ ਵਾਇਆ ਊਨਾ ਰੇਲ ਪ੍ਰਾਜੈਕਟ ਲਈ ਜ਼ਮੀਨ ਐਕੁਆਇਰ ਕਰਨ ਲਈ ਪੁੱਜੀ ਟੀਮ ਨੂੰ ਜ਼ਮੀਨ ਮਾਲਕਾਂ ਨੇ ਬੇਰੰਗ ਮੋੜ ਦਿੱਤਾ। ਲੋਕ ਐਕੁਆਇਰ ਕੀਤੀ ਜਾਣ ਵਾਲੀ ਜ਼ਮੀਨ ਦੀਆਂ ਨਿਗੂਣੀਆਂ ਕੀਮਤਾਂ ਦੇਣ ਦਾ ਵਿਰੋਧ ਕਰ ਰਹੇ ਹਨ। ਕੰਢੀ ਏਰੀਆ ਸੰਘਰਸ਼ ਕਮੇਟੀ ਦੇ ਆਗੂ ਸੰਜੀਵ ਕੁਮਾਰ ਉਰਫ਼ ਬੱਲੂ, ਕਰਨੈਲ ਸਿੰਘ ਤੇ ਵਿਨੋਦ ਕੁਮਾਰ ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਪੰਜਾਬ ਦੇ ਜਨ ਸਕੱਤਰ ਧਰਮਿੰਦਰ ਸਿੰਘ ਸਿੰਬਲੀ ਦੀ ਅਗਵਾਈ ਹੇਠ ਇਕੱਤਰ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੇ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਉਨ੍ਹਾਂ ਜ਼ਮੀਨ ਦੇ ਵਾਜਬਿ ਭਾਅ ਨਾ ਦੇਣ ’ਤੇ ਰੇਲਵੇ ਪ੍ਰਾਜੈਕਟ ਲਈ ਸਰਕਾਰ ਨੂੰ ਜ਼ਮੀਨਾਂ ਨਾ ਦੇਣ ਦੀ ਗੱਲ ਕਹੀ। ਸੰਘਰਸ਼ ਕਮੇਟੀ ਦੇ ਆਗੂ ਸੰਜੀਵ ਕੁਮਾਰ ਉਰਫ਼ ਬੱਲੂ ਤੇ ਵਿਨੋਦ ਕੁਮਾਰ ਨੇ ਕਿਹਾ ਕਿ ਸਰਕਾਰ ਵਿਕਾਸ ਦੇ ਨਾਂ ’ਤੇ ਕੰਢੀ ਖ਼ੇਤਰ ਦੇ ਲੋਕਾਂ ਤੋਂ ਨਿਗੂਣੀਆਂ ਕੀਮਤਾਂ ’ਤੇ ਜ਼ਮੀਨਾਂ ਐਕੁਆਇਰ ਕਰਨ ’ਤੇ ਤੁਲੀ ਹੋਈ ਹੈ। ਸ਼ਹੀਦ ਭਗਤ ਸਿੰਘ ਨੌਜਵਾਨ ਸਭਾ,ਪੰਜਾਬ ਦੇ ਜਨ ਸਕੱਤਰ ਧਰਮਿੰਦਰ ਸਿੰਘ ‘ਸਿੰਬਲੀ’ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਐਕੁਆਇਰ ਕੀਤੀ ਜਾ ਰਹੀ ਜ਼ਮੀਨ ਲਈ ਮਾਲਕਾਂ ਨੂੰ 2200 ਤੋਂ 2500 ਰੁਪਏ ਪ੍ਰਤੀ ਮਰਲਾ ਕੀਮਤ ਦਿੱਤੀ ਜਾ ਰਹੀ ਹੈ। ਜ਼ਮੀਨ ਦਾ ਇਹ ਭਾਅ ਸਰਕਾਰੀ ਰੇਟ ਤੋਂ ਵੀ ਬਹੁਤ ਘੱਟ ਹੈ। ਸੰਘਰਸ਼ ਕਮੇਟੀ ਨੇ ਜ਼ਮੀਨਾਂ ਦੇ ਵਾਜਬਿ ਮੁੱਲ ਲਈ ਐੱਸਡੀਐੱਮ ਮੁਕੇਰੀਆਂ ਤੇ ਜ਼ਿਲ੍ਹਾ ਮੁਖੀ ਨਾਲ ਵੀ ਮੀਟਿੰਗਾਂ ਕੀਤੀਆਂ, ਪਰ ਕੋਈ ਹੱਲ ਨਹੀਂ ਨਿੱਕਲਿਆ। ਜਿਸ ਦੇ ਵਿਰੋਧ ’ਚ ਸੰਘਰਸ਼ ਕਮੇਟੀ ਨੇ 22 ਤਾਰੀਕ ਨੂੰ ਰਾਏ ਸਾਹਿਬ ਚੌਧਰੀ ਗਿਆਨ ਸਿੰਘ ਚੌਂਕ ਤਲਵਾੜਾ ’ਚ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ। ਤਜਵੀਜ਼ਤ ਰੇਲਵੇ ਪ੍ਰਾਜੈਕਟ ਲਈ ਜ਼ਮੀਨ ਐਕੁਆਇਰ ਕਰਨ ਪਹੁੰਚੀ ਮਹਿਕਮਾ ਮਾਲ ਦੀ ਟੀਮ ਦੀ ਅਗਵਾਈ ਕਰ ਰਹੇ ਤਹਿਸੀਲਦਾਰ ਸੁਰਿੰਦਰ ਗੁਪਤਾ ਨੇ ਦੱਸਿਆ ਕਿ ਉਹ ਅੱਜ ਪਿੰਡ ਭੋਲ ’ਚ ਜ਼ਮੀਨ ਮਾਲਕਾਂ ਦੀ ਸਹਿਮਤੀ ਲੈਣ ਤੇ ਉਨ੍ਹਾਂ ਨੂੰ ਐਕੁਆਇਰ ਕੀਤੀ ਜਾਣ ਵਾਲੀ ਜ਼ਮੀਨ ਸਬੰਧੀ ਜਾਣਕਾਰੀ ਦੇਣ ਗਏ ਸੀ। ਪਰ ਲੋਕਾਂ ਦੇ ਵਿਰੋਧ ਕਾਰਨ ਉਨ੍ਹਾਂ ਨੂੰ ਵਾਪਸ ਪਰਤਣਾ ਪਿਆ। ਐਕੁਆਇਰ ਕੀਤੀ ਜਾਣ ਵਾਲੀ ਜ਼ਮੀਨ ਦੇ ਭਾਅ ਡਿਪਟੀ ਕਮਿਸ਼ਨਰ ਨੇ ਪਿਛਲੇ ਕੁਲੈਕਟਰ ਰੇਟਾਂ ਤਹਿਤ ਨਿਰਧਾਰਤ ਕੀਤੇ ਹਨ। ਉਨ੍ਹਾਂ ਮੰਨਿਆ ਕਿ ਮੌਜੂਦਾ ਸਮੇਂ ਬਰਾਨੀ ਤੇ ਚਾਹੀ ਜ਼ਮੀਨ ਦੀ ਕੀਮਤ 3.50 ਲੱਖ ਤੇ 6.88 ਲੱਖ ਰੁਪਏ ਪ੍ਰਤੀ ਏਕੜ ਹੈ ਪਰ ਮਾਲਕ ਯੋਗ ਮੁਆਵਜ਼ਾ ਲੈਣ ਲਈ ਫੀਲਡ ਮੁਲਾਜ਼ਮਾਂ ਨੂੰ ਪ੍ਰੇਸ਼ਾਨ ਕਰਨ ਦੀ ਬਜਾਇ ਐੱਸਡੀਐੱਮ ਮੁਕੇਰੀਆਂ ਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨਾਲ ਸੰਪਰਕ ਕਰਨ।