ਪਾਲ ਸਿੰਘ ਨੌਲੀ
ਜਲੰਧਰ, 26 ਅਪਰੈਲ
ਕਸ਼ਿਨਰੇਟ ਪੁਲੀਸ ਨੇ ਯੂਥ ਕਾਂਗਰਸ ਜਲੰਧਰ ਸ਼ਹਿਰੀ ਦੇ ਪ੍ਰਧਾਨ ਅੰਗਦ ਦੱਤਾ ਵਿਰੁੱਧ ਫਾਸਟਵੇਅ ਕੇਬਲ ਕੰਪਨੀ ਵੱਲੋਂ ਸੈਟਅਪ ਬਾਕਸ ਚੋਰੀ ਕਰਵਾਉਣ ਦੀ ਸ਼ਿਕਾਇਤ ’ਤੇ ਬੀਤੀ ਦੇਰ ਰਾਤ ਪਰਚਾ ਦਰਜ ਕੀਤਾ ਹੈ। ਪੁਲੀਸ ਨੇ ਯੂਥ ਕਾਂਗਰਸੀ ਆਗੂ ਨੂੰ ਫੜਨ ਲਈ ਉਸ ਦੀ ਡਿਫੈਂਸ ਕਲੋਨੀ ਵਿਚਲੇ ਘਰ ’ਚ ਛਾਪਾ ਮਾਰਿਆ ਸੀ ਪਰ ਉਹ ਉਥੇ ਨਹੀਂ ਮਿਲਿਆ। ਕਮਿਸ਼ਨਰੇਟ ਪੁਲੀਸ ਨੇ ਜਦੋਂ ਅੰਗਦ ਦੱਤਾ ਦੀ ਥਾਂ ਉਸ ਦੇ ਐੱਸਡੀਓ ਭਰਾ ਨੂੰ ਚੁੱਕ ਲਿਆ ਤਾਂ ਹੰਗਾਮਾ ਖੜ੍ਹਾ ਹੋਣ ’ਤੇ ਪੁਲੀਸ ਨੇ ਉਸ ਨੂੰ ਛੱਡ ਦਿੱਤਾ।
ਉਧਰ ਯੂਥ ਕਾਂਗਰਸ ਦੇ ਆਗੂ ਅੰਗਦ ਦੱਤਾ ਪੁਲੀਸ ਦੇ ਹੱਥ ਤਾਂ ਨਹੀਂ ਆਇਆ ਪਰ ਉਸ ਨੇ ਮੀਡੀਆ ਨਾਲ ਆਪਣਾ ਸੰਪਰਕ ਰੱਖਦਿਆਂ ਦਾਅਵਾ ਕੀਤਾ ਹੈ ਕਿ ਉਸ ਵਿਰੁੱਧ ਝੂਠਾ ਕੇਸ ਦਰਜ ਕੀਤਾ ਗਿਆ ਹੈ ਤੇ ਇਕ-ਦੋ ਦਿਨਾਂ ਵਿਚ ਉਹ ਇਸ ਝੂਠ ਦਾ ਪਰਦਾਫਾਸ਼ ਕਰ ਦੇਵੇਗਾ। ਜਾਣਕਾਰੀ ਅਨੁਸਾਰ ਫਾਸਟਵੇਅ ਕੰਪਨੀ ਨੇ ਦੋਸ਼ ਲਾਇਆ ਸੀ ਕਿ ਅੰਗਦ ਦੱਤਾ, ਜਿਹੜਾ ਕਿ ਆਪ ਵੀ ਕੇਬਲ ਦਾ ਕੰਮ ਕਰ ਰਿਹਾ ਹੈ, ਉਹ ਫਾਸਟਵੇਅ ਕੰਪਨੀ ਦੇ ਸੈਟਅਪ ਬਾਕਸ ਲੁਹਾ ਕੇ ਦੂਜੀ ਕੰਪਨੀ ਦੇ ਲਗਵਾ ਰਿਹਾ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਸੀ ਕਿ ਦਰਜਨਾਂ ਘਰਾਂ ਵਿਚ ਲੱਗੇ ਫਾਸਟਵੇਅ ਦੇ ਸੈਟਅਪ ਬਾਕਸ ਅੰਗਦ ਦੱਤਾ ਨੇ ਲੁਹਾਏ ਸਨ ਅਤੇ ਉਹ ਸੈਟਅਸ ਬਾਕਸ ਉਸ ਨੇ ਆਪਣੇ ਘਰ ਰੱਖੇ ਹੋਏ ਸਨ।
ਇਸ ਸ਼ਿਕਾਇਤ ਨੂੰ ਅਧਾਰ ਬਣਾ ਕੇ ਹੀ ਥਾਣਾ ਬਾਰਾਂਦਰੀ ਦੀ ਪੁਲੀਸ ਨੇ ਅੰਗਦ ਦੱਤਾ ਦੇ ਘਰ ਛਾਪਾ ਮਾਰਿਆ ਸੀ ਅਤੇ ਉਸ ਦੇ ਘਰ ਵਿਚੋਂ ਫਾਸਟਵੇਅ ਕੰਪਨੀ ਦੇ ਸੈਟਅਪ ਬਾਕਸ ਬਰਾਮਦ ਕਰਨ ਦਾ ਦਾਅਵਾ ਕੀਤਾ ਸੀ। ਡਿਫੈਂਸ ਕਲੋਨੀ ਵਿਚਲੇ ਘਰ ਦੇ ਜਿਸ ਕਮਰੇ ਵਿਚੋਂ ਸੈਟਅਪ ਬਾਕਸ ਮਿਲੇ ਹਨ ਉਸ ਨੂੰ ਪੁਲੀਸ ਨੇ ਸੀਲ ਕਰ ਦਿੱਤਾ ਹੈ। ਅੰਗਦ ਦੱਤਾ ’ਤੇ ਦਬਾਅ ਬਣਾਉਣ ਲਈ ਪੁਲੀਸ ਨੇ ਉਸ ਦੇ ਐੱਸਡੀਓ ਭਰਾ ਕਰਨ ਦੱਤਾ ਨੂੰ ਹਿਰਾਸਤ ਵਿਚ ਲੈ ਲਿਆ ਸੀ। ਕਰਨ ਦੱਤਾ ਨਗਰ ਨਿਗਮ ਵਿਚ ਐੱਸਡੀਓ ਹੈ, ਉਸ ਨੂੰ ਥਾਣੇ ਲਿਜਾਣ ਦਾ ਜਿਉਂ ਹੀ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਇਕਜੁੱਟਤਾ ਦਿਖਾਉਂਦਿਆਂ ਪੁਲੀਸ ’ਤੇ ਦਬਾਅ ਵਧਾਇਆ ਤਾਂ ਪੁਲੀਸ ਨੂੰ ਕਰਨ ਦੱਤਾ ਨੂੰ ਛੱਡਣਾ ਪਿਆ।