ਜੇ.ਬੀ. ਸੇਖੋਂ
ਗੜ੍ਹਸ਼ੰਕਰ, 19 ਜੁਲਾਈ
ਤਹਿਸੀਲ ਦੇ ਅਨੇਕਾਂ ਪਿੰਡਾਂ ਦੇ ਲੋਕ ਜਿੱਥੇ ਅੱਜ-ਕੱਲ੍ਹ ਬਰਸਾਤੀ ਮੌਸਮ ਕਾਰਨ ਖਸਤਾ ਹਾਲ ਸੜਕਾਂ ਦੀ ਹੋਈ ਹੋਰ ਦੁਰਦਸ਼ਾ ਤੋਂ ਪ੍ਰੇਸ਼ਾਨ ਹਨ ਉੱਥੇ ਹੀ ਸੜਕਾਂ ਦੇ ਅਧੂਰੇ ਨਿਰਮਾਣ ਕਾਰਜਾਂ ਤੋਂ ਵੱਖਰੇ ਦੁਖੀ ਹਨ। ਇਲਾਕੇ ਦੇ ਵਸਨੀਕਾਂ ਨੇ ਇਨ੍ਹਾਂ ਸੜਕਾਂ ਦੇ ਨਿਰਮਾਣ ਕਾਰਜ ਤੁਰੰਤ ਪੂਰੇ ਕਰਨ ਦੀ ਮੰਗ ਕੀਤੀ ਹੈ।
ਜ਼ਿਕਰਯੋਗ ਹੈ ਕਿ ਸੈਲਾ ਖੁਰਦ ਤੋਂ ਦਦਿਆਲ ਵੱਲ ਆਉਂਦੀ ਸੜਕ ’ਤੇ ਪਿੰਡ ਦਦਿਆਲ ਕੋਲ ਪੱਥਰ ਪਾ ਕੇ ਵਿਭਾਲ ਵਲੋਂ ਛੱਡ ਦਿੱਤਾ ਗਿਆ ਹੈ ਜਿਸ ਕਰਕੇ ਮੀਂਹ ਦੇ ਇਸ ਮੌਸਮ ਵਿੱਚ ਇੱਥੇ ਚਿੱਕੜ ਬਣਿਆ ਰਹਿੰਦਾ ਹੈ ਜੋ ਰਾਹਗੀਰਾਂ ਲਈ ਹਾਦਸਿਆਂ ਦਾ ਕਾਰਨ ਬਣ ਰਿਹਾ ਹੈ। ਇਸੇ ਤਰ੍ਹਾਂ ਤਹਿਸੀਲ ਦੇ ਪਿੰਡ ਪੱਖੋਵਾਲ ਤੋਂ ਗੱਜਰ ਨੂੰ ਨਿਕਲਣ ਵਾਲੀ ਸੜਕ ’ਤੇ ਵੀ ਵਿਭਾਗ ਵਲੋਂ ਕਰੀਬ ਡੇਢ ਸਾਲ ਪਹਿਲਾਂ ਪੱਥਰ ਪਾਇਆ ਗਿਆ ਸੀ ਪਰ ਇਸ ਪਿੱਛੋਂ ਇੱਥੇ ਬਜਰੀ ਅਤੇ ਲੁੱਕ ਨਾ ਪਾਉਣ ਕਾਰਨ ਲੋਕਾਂ ਦਾ ਲਾਂਘਾ ਪ੍ਰਭਾਵਿਤ ਹੋ ਕੇ ਰਹਿ ਗਿਆ ਹੈ।
ਇਸ ਬਾਰੇ ‘ਆਪ’ ਆਗੂ ਪਰਮਜੀਤ ਕੌਰ ਕੁੱਕੜਾਂ ਅਤੇ ਗੁਰਦਿਆਲ ਸਿੰਘ ਬਿਲੜੋਂ ਨੇ ਕਿਹਾ ਕਿ ਇਹ ਸੜਕਾਂ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਸੜਕਾਂ ਦੇ ਨਾਲ ਨਾਲ ਖੇਤਰ ਦੀਆਂ ਹੋਰ ਟੁੱਟੀਆਂ ਸੜਕਾਂ ਵੱਲ ਵੀ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਹੈ। ਇਸ ਬਾਰੇ ਲੋਕ ਨਿਰਮਾਣ ਵਿਭਾਗ ਦੇ ਐੱਸਡੀਓ ਸਤਪਾਲ ਨੇ ਕਿਹਾ ਕਿ ਉਹ ਇਸ ਸਬੰਧੀ ਪਤਾ ਕਰਨਗੇ ਅਤੇ ਸੜਕਾਂ ਦੇ ਰੁਕੇ ਕਾਰਜ ਤੁਰੰਤ ਸ਼ੁਰੂ ਕੀਤੇ ਜਾਣਗੇ।