ਨਿੱਜੀ ਪੱਤਰ ਪ੍ਰੇਰਕ
ਗੜ੍ਹਸ਼ੰਕਰ, 6 ਅਕਤੂਬਰ
ਪੰਜਾਬ-ਯੂਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਸਬੰਧੀ ਰਾਮ ਜੀ ਦਾਸ ਚੌਹਾਨ ਤੇ ਮੁਕੇਸ਼ ਕੁਮਾਰ ਦੀ ਅਗਵਾਈ ਵਿੱਚ ਗਾਂਧੀ ਪਾਰਕ ਵਿੱਚ ਰੋਸ ਰੈਲੀ ਕਰਨ ਉਪਰੰਤ ਨਾਅਰੇਬਾਜ਼ੀ ਕਰਦਿਆਂ ਬੰਗਾ ਚੌਕ ਵਿੱਚ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਗਿਆ। ਇਸ ਸਮੇਂ ਵੱਖ ਵੱਖ ਆਗੂਆਂ ਨੇ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਮੁਲਾਜ਼ਮਾਂ ਨਾਲ ਵਾਅਦੇ ਕੀਤੇ ਸਨ ਪਰ ਪੰਜ ਸਾਲ ਬੀਤ ਜਾਣ ਦੇ ਬਾਵਜੂਦ ਸਰਕਾਰ ਨੇ ਇੱਕ ਵੀ ਮੰਗ ਲਾਗੂ ਨਾ ਕਰ ਕੇ ਮੁਲਾਜ਼ਮਾਂ ਨਾਲ ਵੱਡੀ ਵਾਅਦਾਖਿਲਾਫ਼ੀ ਕੀਤੀ ਹੈ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਗੱਲਬਾਤ ਰਾਹੀਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਦਾ ਕੋਈ ਠੋਸ ਹੱਲ ਨਾ ਕੱਢਿਆ ਤਾਂ 16 ਅਕਤੂਬਰ ਨੂੰ ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰ ਮੋਰਿੰਡਾ ਵਿੱਚ ਵਿਸ਼ਾਲ ਰੈਲੀ ਕਰਕੇ ਪੱਕਾ ਮੋਰਚਾ ਲਗਾਉਣਗੇ। ਇਸ ਮੌਕੇ ਸੁੱਚਾ ਸਿੰਘ, ਸੁਰਜੀਤ ਕੁਮਾਰ, ਹੰਸ ਰਾਜ ਆਦਿ ਹਾਜ਼ਰ ਸਨ।