ਦੀਪਕ ਠਾਕੁਰ
ਤਲਵਾੜਾ, 18 ਫਰਵਰੀ
ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਇੱਥੇ ਖੋਖਾ ਮਾਰਕੀਟ ਸਥਿਤ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਹਲ਼ਕਾ ਦਸੂਹਾ ਤੋਂ ਭਾਜਪਾ ਉਮੀਦਵਾਰ ਰਘੂਨਾਥ ਸਿੰਘ ਰਾਣਾ ਲਈ ਵੋਟਾਂ ਮੰਗੀਆਂ। ਅਨੁਰਾਗ ਠਾਕੁਰ ਨੇ ਕਾਂਗਰਸ ’ਤੇ ਤਾਬੜ ਤੋੜ ਹਮਲੇ ਕਰਦਿਆਂ ਕਿਹਾ ਕਿ ਸਿੱਧੂ ਦੀ ਚੰਨੀ ਨਾਲ ਨਹੀਂ ਬਣਦੀ, ਚੰਨੀ ਦੀ ਜਾਖੜ ਨਾਲ ਅਤੇ ਜਾਖੜ ਦੀ ਪ੍ਰਿਅੰਕਾ ਗਾਂਧੀ ਨਾਲ ਨਹੀਂ ਬਣਦੀ, ਇਨ੍ਹਾਂ ਦੀ ਆਪਸੀ ਕਾਟੋ ਕਲੇਸ਼ ਕਾਰਨ ਪੰਜਾਬ ਪੱਛੜ ਗਿਆ ਹੈ। ਆਪ ’ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਕੇਜਰੀਵਾਲ ਖਾਲਿਸਤਾਨ ਪੱਖੀ ਦੱਸਿਆ। ਜਿਸ ਮੁੱਖ ਮੰਤਰੀ ਨੇ ਆਪਣੇ ਮੰਤਰੀ ਮੰਡਲ ’ਚ ਇੱਕ ਵੀ ਸਿੱਖ, ਪੰਜਾਬੀ ਜਾਂ ਮਹਿਲਾ ਨੂੰ ਥਾਂ ਨਹੀਂ ਦਿੱਤੀ, ਉਸ ਨੂੰ ਪੰਜਾਬ ’ਚ ਵੋਟ ਮੰਗਣ ਦਾ ਕੋਈ ਅਧਿਕਾਰ ਨਹੀਂ। ਸ੍ਰੀ ਠਾਕੁਰ ਨੇ ਕੇਜਰੀਵਾਲ ’ਤੇ ਦਿੱਲੀ ’ਚ ਪੰਜਾਬੀ ਦੀ ਬਜਾਇ ਉਰਦੂ ਨੂੰ ਦੂਜੀ ਭਾਸ਼ਾ ਦਾ ਦਰਜਾ ਦੇਣ, ਪੰਜਾਬੀ ਅਧਿਆਪਕਾਂ ਨੂੰ ਨੌਕਰੀਓਂ ਕੱਢਣ ਆਦਿ ਮੁੱਦੇ ’ਤੇ ਘੇਰਿਆ। ਉਨ੍ਹਾਂ ਤੰਜ ਕੱਸਦਿਆਂ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਕੇਜਰੀਵਾਲ ਨੂੰ ਭਗਵੰਤ ਮਾਨ ਲੱਭਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਭਾਜਪਾ ਦੀ ਸਰਕਾਰ ਬਣਨ ’ਤੇ ਕਣਕ ਤੇ ਝੋਨੇ ਤੋਂ ਇਲਾਵਾ ਫ਼ਲ, ਫੁੱਲ, ਦਾਲ ਆਦਿ ’ਤੇ ਵੀ ਐਮਐਸਪੀ ਦਿੱਤੀ ਜਾਵੇਗੀ।
ਝੁੱਗੀਆਂ ਵਾਲੇ ਬੱਚਿਆਂ ਨੂੰ ਹੋਇਆ ‘ਅੱਛੇ ਦਿਨ’ ਦਾ ਅਹਿਸਾਸ
ਪੰਜਾਬ ’ਚ ਚੋਣ ਪ੍ਰਚਾਰ ਦੇ ਅੰਤਿਮ ਦਿਨ ਚੋਣ ਪ੍ਰਚਾਰ ਸਿਖਰਾਂ ’ਤੇ ਪਹੁੰਚ ਗਿਆ। ਭਾਜਪਾ ਵੱਲੋਂ ਖੋਖਾ ਮਾਰਕੀਟ ’ਚ ਕੀਤੇ ਚੋਣ ਜਲਸੇ ’ਚ ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਸ਼ਿਰਕਤ ਕੀਤੀ। ਭਾਜਪਾ ਦੇ ਅੱਛੇ ਦਿਨਾਂ ਦਾ ਸੱਤ ਸਾਲਾਂ ’ਚ ਤਾਂ ਆਮ ਲੋਕਾਂ ਨੂੰ ਕੋਈ ਅਹਿਸਾਸ ਨਾ ਹੋਇਆ, ਪਰ ਚੋਣ ਜਲਸੇ ਉਪਰੰਤ ਮਿਲੇ ਕਬਾੜ ਨੇ ਝੁੱਗੀ ਝੌਪੜੀਆਂ ’ਚ ਰਹਿੰਦੇ ਇਨ੍ਹਾਂ ਬੱਚਿਆਂ ਨੂੰ ਦੋ ਵਕਤ ਦੀ ਰੋਟੀ ਜ਼ਰੂਰ ਮੁਹੱਈਆ ਕਰਵਾ ਦਿੱਤੀ।