ਪਨਬੱਸ ਕਾਮਿਆਂ ਨੇ ਮੁੱਖ ਮੰਤਰੀ ਦੇ ਪੁਤਲੇ ਫੂਕੇ

* ਜਲੰਧਰ ਅਤੇ ਤਰਨ ਤਰਨ ਵਿੱਚ ਪਨਬੱਸ ਕਾਮਿਆਂ ਦਾ ਰੋਹ ਫੁੱਟਿਆ; * 15 ਨੂੰ ਕਾਲੇ ਚੋਲੇ ਪਾ ਕੇ ਪ੍ਰਦਰਸ਼ਨ ਦਾ ਐਲਾਨ

ਪਨਬੱਸ ਕਾਮਿਆਂ ਨੇ ਮੁੱਖ ਮੰਤਰੀ ਦੇ ਪੁਤਲੇ ਫੂਕੇ

ਜਲੰਧਰ ਵਿੱਚ ਮੁੱਖ ਮੰਤਰੀ ਦਾ ਪੁਤਲਾ ਫੂਕਣ ਮੌਕੇ ਰੋਡਵੇਜ਼ ਕਾਮੇ ਨਾਅਰੇਬਾਜ਼ੀ ਕਰਦੇ ਹੋਏ। -ਫੋਟੋ : ਪੰਜਾਬੀ ਟ੍ਰਿਬਿਊਨ

ਪਾਲ ਸਿੰਘ ਨੌਲੀ
ਜਲੰਧਰ, 11 ਅਗਸਤ

ਪੰਜਾਬ ਰੋਡਵੇਜ਼/ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ ’ਤੇ ਸੂਬੇ ਦੇ ਸਾਰੇ ਡਿਪੂਆਂ ਵਿੱਚ ਰੋਡਵੇਜ਼ ਕਾਮਿਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਦਾ ਪੁਤਲਾ ਫੂਕਿਆ। ਜਥੇਬੰਦੀ ਨੇ ਐਲਾਨ ਕੀਤਾ ਕਿ 15 ਅਗਸਤ ਨੂੰ ਕਾਲੇ ਚੋਲੇ ਪਾ ਕੇ ਜਲੰਧਰ ਵਿੱਚ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

ਜਲੰਧਰ ਦੇ ਦੋਹਾਂ ਡਿਪੂਆਂ ਦੇ ਮੁਲਾਜ਼ਮਾਂ ਨੇ ਰੋਸ ਮਾਰਚ ਕਰਦਿਆਂ ਅੰਤਰਰਾਜੀ ਬੱਸ ਅੱਡੇ ਨੇੜੇ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਮੁਲਾਜ਼ਮ ਮੰਗ ਕਰ ਰਹੇ ਸਨ ਕਿ ਪਨਬੱਸ ਵਰਕਰਾਂ ਦੀਆਂ ਤਨਖਾਹਾਂ ਵਿੱਚ ਜਿਹੜੀ ਕਰੋਨਾ ਦੀ ਆੜ ਹੇਠ ਕਟੌਤੀ ਕੀਤੀ ਜਾ ਰਹੀ ਹੈ ਉਹ ਬੰਦ ਕੀਤੀ ਜਾਵੇ ਤੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ। ਜਲੰਧਰ ਵਿੱਚ ਕੀਤੇ ਗਏ ਰੋਸ ਪ੍ਰਦਰਸ਼ਨ ਦੌਰਾਨ ਜਥੇਬੰਦੀ ਦੇ ਸੂਬਾ ਉਪ ਚੇਅਰਮੈਨ ਬਲਵਿੰਦਰ ਸਿੰਘ ਰਾਠ ਤੇ ਸੂਬਾ ਮੀਤ ਪ੍ਰਧਾਨ ਜਸਵੰਤ ਸਿੰਘ ਮੱਟੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁਲਾਜ਼ਮਾਂ ਦੀ ਤਨਖਾਹ ਵਿੱਚ 25 ਫੀਸਦੀ ਕਟੌਤੀ ਕੀਤੀ ਜਾ ਰਹੀ ਹੈ। ਕੱਚੇ ਮੁਲਾਜ਼ਮਾਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ ਸਗੋਂ ਰੋਡਵੇਜ਼ ਦਾ ਪੁਨਰ ਗਠਨ ਕਰਨ ਦੇ ਨਾਂ ’ਤੇ ਪੱਕੀਆਂ ਅਸਾਮੀਆਂ ਖਤਮ ਕੀਤੀਆਂ ਜਾ ਰਹੀਆਂ ਹਨ। ਰੋਸ ਪ੍ਰਗਟਾਅ ਰਹੇ ਆਗੂਆਂ ਨੇ ਕਿਹਾ ਕਿ ਸਰਕਾਰ ਹਰ ਸਾਲ ਆਊਟ ਸੋਰਸਿੰਗ, ਜੀਐੱਸਟੀ ਤੇ 8 ਕਰੋੜ ਰੁਪਏ ਖਰਚ ਕਰ ਰਹੀ ਹੈ। ਸੀਸੀਟੀਵੀ ਕੈਮਰਿਆਂ ਤੇ ਹੋਰ ਕੰਮਾਂ ’ਤੇ ਫਾਲਤੂ ਪੈਸੇ ਖਰਚੇ ਜਾ ਰਹੇ ਹਨ। ਮੁਲਾਜ਼ਮਾਂ ਨੂੰ ਐਂਬੂਲੈਂਸਾਂ ਦੇ ਡਰਾਈਵਰ ਬਣਾ ਕੇ ਦੂਰ ਦੁਰਾਡੇ ਕਰੋਨਾ ਦੇ ਮਰੀਜ਼ ਲਿਆਉਣ ਤੇ ਛੱਡਣ ਜਾਣਾ ਪੈ ਰਿਹਾ ਹੈ ਜੋ ਕਿ ਡਰਾਈਵਰਾਂ ਦੀ ਜਾਨ ਲਈ ਖਤਰਾ ਵੀ ਹੈ। ਪਰ ਇਨ੍ਹਾਂ ਡਰਾਈਵਰਾਂ ਨੂੰ ਪੂਰੀ ਤਨਖਾਹ ਵੀ ਨਹੀਂ ਦਿੱਤੀ ਜਾਂਦੀ।ਆਗੂਆਂ ਨੇ ਦੋਸ਼ ਲਾਇਆ ਕਿ ਪੰਜਾਬ ਵਿੱਚ ਪਹਿਲਾਂ ਵਾਂਗ ਹੀ ਟਰਾਂਸਪੋਰਟ ਮਾਫ਼ੀਆ ਸਰਗਰਮ ਹੈ। ਹੁਣ ਜਦੋਂ ਕਰੋਨਾ ਮਹਾਂਮਾਰੀ ਦੌਰਾਨ ਪੰਜਾਬ ਦੇ ਲੋਕਾਂ ਦੀ ਸੇਵਾ ਤੇ ਸਹਾਇਤਾ ਕਰਨ ਦਾ ਮੌਕਾ ਆਇਆ ਤਾਂ ਨਿੱਜੀ ਟਰਾਂਸਪੋਰਟਰਾਂ ਨੇ ਆਪਣੀਆਂ ਬੱਸਾਂ ਖੜ੍ਹੀਆਂ ਕਰ ਦਿੱਤੀਆਂ ਹਨ। ਇਸ ਔਖੇ ਸਮੇਂ ਵਿੱਚ ਪੰਜਾਬ ਰੋਡਵੇਜ਼ ਤੇ ਪਨਬੱਸ ਬੱਸਾਂ ਦੇ ਕਾਮੇ ਹੀ ਸਰਕਾਰ ਦੀ ਸਹਾਇਤਾ ਕਰ ਰਹੇ ਹਨ। ਇਸ ਮੌਕੇ ਪ੍ਰਧਾਨ ਗੁਰਪ੍ਰੀਤ ਸਿੰਘ, ਨਿਰਮਲ ਸਿੰਘ, ਗੁਰਜੀਤ ਸਿੰਘ, ਚਾਨਣ ਸਿੰਘ, ਡਿਪੂ ਦੋ ਦੇ ਪ੍ਰਧਾਨ ਸਤਪਾਲ ਸਿੰਘ, ਦਲਜੀਤ ਸਿੰਘ, ਰਣਜੀਤ ਸਿੰਘ ਤੇ ਰਾਮ ਚੰਦ ਸਮੇਤ ਦੋਹਾਂ ਡਿਪੂਆਂ ਦੇ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਤਰਨ ਤਾਰਨ (ਗਬਰਬਖਸ਼ਪੁਰੀ): ਪੰਜਾਬ ਰੋਡਵੇਜ਼ ਪਨਬਸ ਕੰਟਰੈਕਟ ਵਰਕਰ ਯੂਨੀਅਨ ਦੀ ਸਥਾਨਕ ਡਿਪੂ ਇਕਾਈ ਦੇ ਵਰਕਰਾਂ ਨੇ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਰਥੀ ਨੂੰ ਸ਼ਹਿਰ ਵਿੱਚ ਘੁਮਾ ਕੇ ਰੋਸ ਮਾਰਚ ਕੀਤਾ|

ਰੋਹ ਵਿੱਚ ਆਏ ਵਰਕਰਾਂ ਨੇ ਸ਼ਹਿਰ ਦੇ ਚੌਕ ਬੋਹੜੀ ਤੱਕ ਆ ਕੇ ਉਥੇ ਅਰਥੀ ਸਾੜੀ| ਜਥੇਬੰਦੀ ਦੇ ਡਿਪੂ ਪ੍ਰਧਾਨ ਸਤਨਾਮ ਸਿੰਘ ਤੁੜ ਦੀ ਅਗਵਾਈ ਵਿੱਚ ਜਥੇਬੰਦੀ ਦੇ ਵਰਕਰਾਂ ਨੇ ਰੋਡਵੇਜ਼ ਡਿਪੂ ਦੇ ਸਾਹਮਣੇ ਇੱਕ ਗੇਟ ਰੈਲੀ ਕੀਤੀ| ਰੈਲੀ ਨੂੰ ਹੋਰਨਾਂ ਤੋਂ ਇਲਾਵਾ ਜਥੇਬੰਦੀ ਦੇ ਆਗੂ ਪਰਮਜੀਤ ਸਿੰਘ, ਗੁਰਵੇਲ ਸਿੰਘ, ਨਿਰਭੈ ਸਿੰਘ ਨੇ ਸੰਬੋਧਨ ਕਰਦਿਆਂ ਉਨ੍ਹਾਂ ਦੀਆਂ ਤਨਖਾਹਾਂ ਵਿੱਚੋਂ ਕੀਤੀ ਜਾ ਰਹੀ ਕਟੌਤੀ ਬੰਦ ਕੀਤੇ ਜਾਣ ਅਤੇ ਉਨ੍ਹਾਂ ਨੂੰ ਰੋਡਵੇਜ਼ ’ਚ ਭਰਤੀ ਕੀਤੇ ਜਾਣ ਦੀ ਮੰਗ ਕੀਤੀ|

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All