ਹਰਪ੍ਰੀਤ ਕੌਰ
ਹੁਸ਼ਿਆਰਪੁਰ, 13 ਅਪਰੈਲ
ਕਾਂਗਰਸ ਦੇ ਸੀਨੀਅਰ ਨੇਤਾ ਸੁਨੀਲ ਜਾਖੜ ਵਲੋਂ ਪਿਛਲੀਆਂ ਚੋਣਾਂ ’ਚ ਹਾਰ ਦਾ ਠੀਕਰਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਿਰ ਭੰਨ੍ਹਦਿਆਂ ਕੀਤੀ ਕਥਿਤ ਭੱਦੀ ਟਿੱਪਣੀ ਨਾਲ ਦਲਿਤ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਹੈ। ਇਸ ਦੇ ਵਿਰੋਧ ’ਚ ਅੱਜ ਗੁਰੂ ਰਵਿਦਾਸ ਸਭਾਵਾਂ, ਅੰਬੇਡਕਰ ਜਥੇਬੰਦੀਆਂ, ਭਗਵਾਨ ਵਾਲਮੀਕਿ ਸਭਾਵਾਂ ਤੇ ਸਿੱਖ ਮੁਸਲਿਮ ਦਲਿਤ ਇਸਾਈ ਸਾਂਝਾ ਫ਼ਰੰਟ ਵਲੋਂ ਸਾਂਝੇ ਤੌਰ ’ਤੇ ਪ੍ਰਭਾਤ ਚੌਕ ’ਚ ਸੁਨੀਲ ਜਾਖੜ ਦਾ ਪੁਤਲਾ ਫ਼ੂਕਿਆ ਗਿਆ। ਬੁਲਾਰਿਆਂ ਨੇ ਕਿਹਾ ਕਿ ਜਾਖੜ ਦੀ ਇਸ ਟਿੱਪਣੀ ਨੇ ਮਨੂਵਾਦੀ ਵਿਚਾਰਧਾਰਾ ਨੂੰ ਪ੍ਰਗਟ ਕੀਤਾ ਹੈ ਜਿਸ ਨੂੰ ਕਿਸੇ ਕੀਮਤ ’ਤੇ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਅਖੌਤੀ ਰਾਜਸੀ ਪਾਰਟੀਆਂ ਨੇ ਵੋਟਾਂ ਦੌਰਾਨ ਸਮਰਥਨ ਲੈਣਾ ਹੁੰਦਾ ਹੈ ਤਾਂ ਉਸ ਸਮੇਂ ਇਨ੍ਹਾਂ ਦਾ ਵਰਤਾਅ ਹੋਰ ਹੁੰਦਾ ਹੈ ਪਰ ਜਦੋਂ ਕੋਈ ਦਲਿਤ ਭਾਈਚਾਰੇ ਦਾ ਅਪਮਾਨ ਕਰਦਾ ਹੈ ਤਾਂ ਇਹ ਵਿਰੋਧ ਤੱਕ ਵੀ ਨਹੀਂ ਕਰਦੇ। ਇਸ ਮੌਕੇ ਜਗਦੀਸ਼ ਲਾਲ ਬੱਧਣ, ਵਿਕਾਸ ਹੰਸ, ਹਰਵਿੰਦਰ ਹੀਰਾ, ਕੈਪਟਨ ਗਿਆਨ ਚੰਦ ਆਦਿ ਮੌਜੂਦ ਸਨ।