ਪੱਤਰ ਪ੍ਰੇਰਕ
ਕਰਤਾਰਪੁਰ, 16 ਅਕਤੂਬਰ
ਸੈਂਟਰ ਆਫ ਐਕਸੀਲੈਂਸ ਫਾਰ ਵੈਜੀਟੇਬਲਜ਼ ਕਰਤਾਰਪੁਰ ਵਿੱਚ ਬਾਗ਼ਬਾਨੀ ਵਿਭਾਗ ਵੱਲੋਂ ਲਗਾਏ ਗਏ ਸਿਖਲਾਈ ਕੈਂਪ ਦੌਰਾਨ ਕਿਸਾਨਾਂ ਨੂੰ ਕੁਦਰਤੀ ਸਰੋਤਾਂ ਨੂੰ ਬਚਾਉਂਦੇ ਹੋਏ ਅਤੇ ਘੱਟ ਜ਼ਹਿਰ ਦੀ ਵਰਤੋਂ ਕਰ ਕੇ ਕਿਸਾਨਾਂ ਨੂੰ ਸੁਰੱਖਿਅਤ ਸਬਜ਼ੀਆਂ ਦੀ ਖੇਤੀ ਕਰਨ ਦੇ ਢੰਗ ਤਰੀਕਿਆਂ ਬਾਰੇ ਦੱਸਿਆ ਗਿਆ। ਇਸ ਮੌਕੇ ਡਿਪਟੀ ਡਾਇਰੈਕਟਰ ਬਾਗ਼ਬਾਨੀ ਡਾ. ਲਾਲ ਬਹਾਦਰ ਦਮਾਥੀਆ ਨੇ ਕਿਹਾ ਕਿ ਕਿਸਾਨਾਂ ਜ਼ਹਿਰ ਰਹਿਤ ਸਬਜ਼ੀਆਂ ਦੀ ਖੇਤੀ ਕਰਕੇ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਛੋਟੇ ਅਤੇ ਸੀਮਤ ਖੇਤੀ ਕਰਨ ਵਾਲੇ ਕਿਸਾਨ ਜੋ ਹੱਥੀਂ ਖੇਤੀ ਕਰਦੇ ਹਨ, ਉਹ ਸਬਜ਼ੀਆਂ ਦੀ ਸੁਰੱਖਿਅਤ ਖੇਤੀ ਕਰਕੇ ਆਪਣੀ ਆਮਦਨ ਵਿੱਚ ਚੋਖਾ ਵਾਧਾ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਇਸ ਸੈਂਟਰ ਵੱਲੋਂ ਕਿਸਾਨਾਂ ਨੂੰ ਰਵਾਇਤੀ ਫ਼ਸਲੀ ਚੱਕਰ ਵਿੱਚੋਂ ਬਾਹਰ ਕੱਢਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਸਹਾਇਕ ਡਾਇਰੈਕਟਰ ਬਾਗ਼ਬਾਨੀ ਕਮ ਪ੍ਰਾਜੈਕਟ ਅਫਸਰ ਡਾ. ਦਲਜੀਤ ਸਿੰਘ ਨੇ ਕਿਹਾ ਕਿ ਸੁਰੱਖਿਅਤ ਸਬਜ਼ੀਆਂ ਦੀ ਖੇਤੀ ਕਿਸਾਨ ਇੱਕ ਜਾਂ ਦੋ ਕਨਾਲ ਦੇ ਯੂਰੋ ਤੋਂ ਸ਼ੁਰੂ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸੈਂਟਰ ਵੱਲੋਂ ਹੁਣ ਤੱਕ ਪਨੀਰੀ ਦੇ ਪੌਣੇ ਦੋ ਕਰੋੜ ਤੋਂ ਵੱਧ ਬੂਟੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਕਿਸਾਨਾਂ ਨੂੰ ਸਪਲਾਈ ਕਰ ਚੁੱਕੇ ਹਨ।