ਨਿੱਜੀ ਪੱਤਰ ਪ੍ਰੇਰਕ
ਗੜ੍ਹਸ਼ੰਕਰ, 14 ਮਾਰਚ
ਪਿੰਡ ਬਸਿਆਲਾ ਅਤੇ ਰਸੂਲਪੁਰ ਵਾਸੀਆਂ ਵਲੋਂ ਰੇਲਵੇ ਫਾਟਕ ਖੁਲ੍ਹਵਾਉਣ ਲਈ 5 ਹਫਤੇ ਤੋਂ ਵੱਧ ਸਮੇਂ ਤੋਂ ਲਾਇਆ ਧਰਨਾ ਲਗਾਤਾਰ ਜਾਰੀ ਹੈ। ਅੱਜ ਫਿਰੋਜ਼ਪੁਰ ਤੋਂ ਪਹੁੰਚੇ ਰੇਲਵੇ ਅਧਿਕਾਰੀਆਂ ਨੇ ਫਾਟਕ ਦਾ ਮਾਮਲਾ ਇੱਕ ਹਫਤੇ ਵਿੱਚ ਹੱਲ ਕਰਨ ਦਾ ਭਰੋਸਾ ਦਿੱਤਾ। ਅੱਜ ਪਹੁੰਚੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਮਸਲੇ ਦੇ ਹੱਲ ਤੱਕ ਸਹਿਯੋਗ ਦੇਣ ਦਾ ਐਲਾਨ ਕੀਤਾ। ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਸਭਾ ਦੇ ਸੂਬਾ ਆਗੂ ਬਲਵੀਰ ਜਾਡਲਾ, ਦਰਸ਼ਨ ਸਿੰਘ ਮੱਟੂ, ਕਿਰਤੀ ਕਿਸਾਨ ਯੂਨੀਅਨ ਦੇ ਹਰਮੇਸ਼ ਢੇਸੀ ਅਤੇ ਕੁਲਵਿੰਦਰ ਸਿੰਘ ਚਾਹਲ ਨੇ ਕਿਹਾ ਕਿ ਪ੍ਰਸ਼ਾਸਨ ਲੰਮੇ ਸਮੇਂ ਤੋਂ ਧਰਨੇ ਤੇ ਬੈਠੇ ਲੋਕਾਂ ਦਾ ਮਸਲਾ ਹੱਲ ਕਰਨ ਦੀ ਬਜਾਏ ਲਗਾਤਾਰ ਲਾਰੇ ਲਾ ਕੇ ਸਮਾਂ ਟਪਾ ਰਿਹਾ ਹੈ ਜਿਸ ਕਰਕੇ ਲੋਕਾਂ ਵਿੱਚ ਰੋਸ ਲਗਾਤਾਰ ਵੱਧ ਰਿਹਾ ਹੈ।