ਜਗਜੀਤ ਸਿੰਘ
ਮੁਕੇਰੀਆਂ, 29 ਜੂਨ
ਐੱਸ.ਪੀ.ਐੰਨ. ਕਾਲਜ ਦੇ ਪ੍ਰੋਫੈਸਰ ਤਰੁਣ ਘਈ ਦੀ ਬਰਖ਼ਾਸਤਗੀ ਵਿਰੁੱਧ ਕਾਲਜ ਬਾਹਰ ਐਸੋਸੀਏਸ਼ਨ ਆਫ ਅਨਏਡਿਡ ਕਾਲਜ ਅਧਿਆਪਕ ਪੰਜਾਬ ਅਤੇ ਚੰਡੀਗੜ੍ਹ ਵੱਲੋਂ ਲਗਾਇਆ ਲਗਾਤਾਰ ਧਰਨਾ ਅੱਜ ਚੌਥੇ ਦਿਨ ਵੀ ਜਾਰੀ ਰਿਹਾ। ਐਸੋਸੀਏਸ਼ਨ ਦੇ ਜਨਰਲ ਸਕੱਤਰ ਪ੍ਰੋਫੈਸਰ ਹਰਜੀਤ ਸਿੰਘ ਦੀ ਅਗਵਾਈ ਵਿੱਚ ਲੱਗੇ ਧਰਨੇ ਦਾ ਬੈਂਕ ਕਰਮਚਾਰੀ ਯੂਨੀਅਨ, ਡੈਮੋਕ੍ਰੇਟਿਕ ਟੀਚਰ ਫਰੰਟ, ਕਿਸਾਨ ਯੂਨੀਅਨ ਅਤੇ ਸ਼੍ਰੋਮਣੀ ਅਕਾਲੀ ਦਲ (ਅ) ਨੇ ਸਮਰਥਨ ਕਰਦਿਆਂ ਹਰ ਸਹਿਯੋਗ ਦੇਣ ਦਾ ਦਾਅਵਾ ਕੀਤਾ ਹੈ।
ਇਸ ਮੌਕੇ ਜਥੇਦਾਰ ਗੁਰਵਤਨ ਸਿੰਘ ਸਮੇਤ ਬੁਲਾਰਿਆਂ ਨੇ ਕਿਹਾ ਕਿ ਕਾਲਜ ਦੇ ਸਹਾਇਕ ਪ੍ਰੋਫੈਸਰ ਤਰੁਣ ਘਈ ਨੂੰ ਧੱਕੇ ਨਾਲ ਬਿਨਾਂ ਕਿਸੇ ਕਾਰਨ/ਨੋਟਿਸ ਸੇਵਾਵਾਂ ਤੋਂ ਬਰਖਾਸਤ ਕਰਨਾ, ਸਰਾਸਰ ਧੱਕਾ ਹੈ। ਪ੍ਰੋਫੈਸਰ ਤਰੁਣ ਘਈ ਨੇ ਮੈਨੇਜਮੈਂਟ ਦੁਆਰਾ ਵਿਦਿਆਰਥੀਆਂ ਤੋਂ ਇਕੱਤਰ ਕੀਤੇ ਪੈਸੇ ਦਾ ਹਿਸਾਬ ਆਰ.ਟੀ.ਆਈ. ਐਕਟ ਅਧੀਨ ਮੰਗਿਆ ਸੀ ਅਤੇ ਉਹ ਮੈਨੇਜਮੈਂਟ ਕੋਲੋਂ ਪਿਛਲੇ ਪੰਜ ਸਾਲ ਤੋਂ ਲਗਾਤਾਰ ਆਪਣੀ ਪੂਰੀ ਤਨਖਾਹ ਅਤੇ ਮਾਣ ਭੱਤਿਆਂ ਦੀ ਮੰਗ ਕਰ ਰਿਹਾ ਸੀ। ਜਨਰਲ ਸਕੱਤਰ ਪ੍ਰੋਫੈਸਰ ਹਰਜੀਤ ਸਿੰਘ ਨੇ ਦੱਸਿਆ ਕਿ ਵਫ਼ਦ ਨੇ ਐੱਸ.ਡੀ.ਐੱਮ. ਮੁਕੇਰੀਆਂ ਨੂੰ ਮੰਗ ਪੱਤਰ ਸੌਂਪ ਕੇ ਬਰਖਾਸਤਗੀ ਤੁਰੰਤ ਰੱਦ ਕਰਨ ਤੇ ਹੋਰ ਮੰਗਾਂ ਮੰਨਣ ਦੀ ਮੰਗ ਕੀਤੀ ਹੈ।