ਜਗਜੀਤ ਸਿੰਘ
ਮੁਕੇਰੀਆ, 26 ਜੂਨ
ਇੱਥੋਂ ਦੇ ਐੱਸਪੀਐੱਨ ਕਾਲਜ ਪ੍ਰਬੰਧਕਾਂ ਵੱਲੋਂ ਪ੍ਰੋਫੈਸਰ ਤਰੁਣ ਘਈ ਦੀ ਬਰਖਾਸਤਗੀ ਖਿਲਾਫ਼ ਅਨਏਡਿਡ ਕਾਲਜ ਟੀਚਰਜ਼ ਐਸੋਸੀਏਸ਼ਨ ਵਲੋਂ ਪੱਕਾ ਧਰਨਾ ਸ਼ੁਰੂ ਕਰ ਦਿੱਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਪ੍ਰੋਫੈਸਰ ਘਈ ਦੀ ਬਰਖਾਸਤਗੀ ਰੱਦ ਕਰਨ ਤੇ ਕਾਲਜ ਦੀ ਪ੍ਰਬੰਧਕੀ ਕਮੇਟੀ ਨੂੰ ਭੰਗ ਕਰਕੇ ਪ੍ਰਸ਼ਾਸਕ ਲਗਾਉਣ ਦੀ ਮੰਗ ਤੱਕ ਲਗਾਤਾਰ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਹੈ।ਇਸ ਮੌਕੇ ਐਸੋਸੀਏਸ਼ਨ ਦੇ ਜਨਰਲ ਸਕੱਤਰ ਪ੍ਰੋਫੈਸਰ ਹਰਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਪ੍ਰੋਫੈਸਰ ਤਰੁਣ ਘਈ ਅਨਏਡਿਡ ਕਾਲਜ ਅਧਿਆਪਕਾਂ ਦੇ ਹੱਕਾਂ ਲਈ ਲੰਮੇਂ ਸਮੇਂ ਤੋਂ ਸੰਘਰਸ਼ ਕਰ ਰਹੇ ਹਨ ਅਤੇ ਉਨ੍ਹਾਂ ਨੇ ਇਸ ਵਾਰ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਚੋਣ ਲਈ ਵੀ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੋਇਆ ਹੈ। ਪ੍ਰੋਫੈਸਰ ਘਈ ਨੇ ਕਾਲਜ ਦੀ ਪ੍ਰਬੰਧਕੀ ਕਮੇਟੀ ਪਾਸੋਂ ਆਰਟੀਆਈ ਰਾਹੀਂ ਵਿਦਿਆਰਥੀ ਕੋਲੋਂ ਵੱਖ ਵੱਖ ਫੰਡਾਂ ਤਹਿਤ ਇਕੱਤਰ ਕੀਤੇ ਪੈਸਿਆਂ ਦੀ ਜਾਣਕਾਰੀ ਮੰਗੀ ਸੀ ਅਤੇ ਕਾਲਜ ਅੰਦਰ ਹੋ ਰਹੀਆਂ ਬੇਨੇਮੀਆਂ ਖਿਲਾਫ਼ ਵੀ ਝੰਡਾ ਚੁੱਕਿਆ ਸੀ ਜਿਸ ਤੋਂ ਖਫ਼ਾ ਹੋਈ ਕਮੇਟੀ ਨੇ ਬੀਤੀ 23 ਜੂਨ ਨੂੰ ਪ੍ਰੋਫੈਸਰ ਤਰੁਣ ਘਈ ਨੂੰ ਬਿਨਾਂ ਕਿਸੇ ਨੋਟਿਸ ਜਾਂ ਅਗਾਉਂ ਸੂਚਨਾ ਦਿੱਤਿਆਂ ਬਰਖਾਸਤ ਕਰ ਦਿੱਤਾ ਗਿਆ ਜੋ ਕਿ ਸਰਾਸਰ ਅਧਿਆਪਕ ਵਰਗ ਨਾਲ ਧੱਕੇਸ਼ਾਹੀ ਹੈ।