ਹਰਪ੍ਰੀਤ ਕੌਰ
ਹੁਸ਼ਿਆਰਪੁਰ, 11 ਅਪਰੈਲ
ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ ’ਚ ਵਾਧੇ ਦੇ ਵਿਰੋਧ ’ਚ ਸੀ.ਪੀ.ਆਈ (ਐਮ) ਦੀ ਸੂਬਾ ਕਮੇਟੀ ਦੇ ਫ਼ੈਸਲੇ ’ਤੇ ਤਹਿਸੀਲ ਕਮੇਟੀ ਹੁਸ਼ਿਆਰਪੁਰ ਵੱਲੋਂ ਪਾਰਟੀ ਆਗੂ ਗੁਰਮੇਸ਼ ਸਿੰਘ ਤੇ ਗੁਰਮੀਤ ਸਿੰਘ ਦੀ ਅਗਵਾਈ ਹੇਠ ਪਾਰਟੀ ਦੇ ਸਥਾਨਕ ਦਫ਼ਤਰ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ ਗਿਆ। ਉਪਰੰਤ ਅੰਬੇਦਕਰ ਚੋਂਕ ਬਸ ਸਟੈਂਡ ਪਹੁੰਚ ਕੇ ਮੋਦੀ ਸਰਕਾਰ ਦਾ ਪੁਤਲਾ ਫ਼ੂਕ ਕੇ ਪ੍ਰਦਰਸ਼ਨ ਕੀਤਾ ਗਿਆ। ਬਾਅਦ ਵਿੱਚ ਐੱਸ.ਡੀ.ਐੱਮ ਰਾਹੀਂ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜਿਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਤੋਖ ਸਿੰਘ, ਮਹਿੰਦਰ ਸਿੰਘ ਭੀਲੋਵਾਲ, ਮਲਕੀਤ ਸਿੰਘ, ਪਰਵਿੰਦਰ ਕੁਮਾਰ, ਸ਼ਿਵ ਕੁਮਾਰ ਬਾਲੀ, ਮਨਜੀਤ ਸਿੰਘ ਲਹਿਲੀ ਕਲਾਂ, ਬਲਵਿੰਦਰ ਸਿੰਘ ਹੋਠੀ, ਬਲਵਿੰਦਰ ਸਿੰਘ, ਪਲਵਿੰਦਰ ਸਿੰਘ ਵਿਰਦੀ ਆਦਿ ਮੌਜੂਦ ਸਨ।
ਬਲਾਚੌਰ(ਨਿੱਜੀ ਪੱਤਰ ਪ੍ਰੇਰਕ): ਸੀ.ਪੀ.ਐੱਮ ਦੀ ਕੇਂਦਰੀ ਕਮੇਟੀ ਦੇ ਸੱਦੇ ’ਤੇ ਪਾਰਟੀ ਆਗੂਆਂ ਅਤੇ ਵਰਕਰਾਂ ਵੱਲੋਂ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਪੈਟਰੋਲ, ਡੀਜ਼ਲ, ਰਸੋਈ ਗੈਸ, ਸੀ.ਐੱਨ.ਜੀ. ਅਤੇ ਪੀ.ਐੱਨ.ਜੀ. ਦੀਆਂ ਕੀਮਤਾਂ ਵਿੱਚ ਕੀਤੇ ਅਥਾਹ ਵਾਧੇ ਵਿਰੁੱਧ ਬਲਾਚੌਰ ਸ਼ਹਿਰ ਵਿੱਚ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਐੱਸ.ਡੀ.ਐੱਮ. ਬਲਾਚੌਰ ਰਾਹੀਂ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜ ਕੇ ਮੰਗ ਕੀਤੀ ਗਈ ਕਿ ਭਾਜਪਾ ਦੀ ਕੇਂਦਰ ਸਰਕਾਰ ਨੂੰ ਹਦਾਇਤ ਕਰਨ ਕਿ ਉਹ ਪੈਟਰੋਲੀਅਮ ਵਸਤਾਂ ਦੀਆਂ ਵਧਾਈਆਂ ਕੀਮਤਾਂ ਨੂੰ ਰੋਕੇ ਅਤੇ ਕੀਤਾ ਗਿਆ ਵਾਧਾ ਵਾਪਸ ਲਵੇ। ਐੱਸ.ਡੀ.ਐੱਮ. ਦਫਤਰ ਕੰਪਲੈਕਸ ਬਲਾਚੌਰ ਵਿਖੇ ਇਕੱਠ ਨੂੰ ਸੀ.ਪੀ.ਐੱਮ.ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਮਹਾਂ ਸਿੰਘ ਰੌੜੀ ਨੇ ਸੰਬੋਧਨ ਕੀਤਾ। ਮੁਜ਼ਾਹਰੇ ‘ਚ ਪ੍ਰੇਮ ਰੱਕੜ, ਦਿਲਬਾਗ ਸਿੰਘ ਕੰਗਣਾ ਬੇਟ, ਕਰਨ ਸਿੰਘ ਰਾਣਾ, ਹੁਸਨ ਚੰਦ ਮਝੋਟ, ਹਰਬੰਸ ਸਿੰਘ ਕੰਗਣਾ ਬੇਟ, ਮਹਿੰਗਾ ਸਿੰਘ ਅਤੇ ਭੁਪਿੰਦਰ ਸਿੰਘ ਕੌਲਗੜ੍ਹ ਆਦਿ ਆਗੂਆਂ ਨੇ ਵੀ ਆਪਣੇ ਵਿਚਾਰ ਰੱਖੇ।
ਗੜ੍ਹਸ਼ੰਕਰ (ਪੱਤਰ ਪ੍ਰੇਰਕ/ਨਿਜੀ ਪੱਤਰ ਪ੍ਰੇਰਕ): ਦੇਸ਼ ਵਿੱਚ ਤੇਲ ਕੀਮਤਾਂ ਦੇ ਵਾਧੇ ਖ਼ਿਲਾਫ਼ ਰੋਸ ਦਾ ਪ੍ਰਗਟਾਵਾ ਕਰਦਿਆਂ ਸੀਪੀਐੱਮ ਦੇ ਸੂਬਾ ਕਮੇਟੀ ਮੈਂਬਰ ਦਰਸ਼ਨ ਸਿੰਘ ਮੱਟੂ, ਬੀਬੀ ਸੁਭਾਸ਼ ਮੱਟੂ ਅਤੇ ਹਰਭਜਨ ਸਿੰਘ ਅਟਵਾਲ ਦੀ ਅਗਵਾਈ ਹੇਠ ਕਮਿਊਨਿਸਟ ਵਰਕਰਾਂ ਵੱਲੋਂ ਅੱਜ ਐਸਡੀਐੱਮ ਦਫਤਰ ਅੱਗੇ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ ਅਤੇ ਜੋਸ਼ ਭਰਪੂਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਆਗੂਆਂ ਨੇ ਤਹਿਸੀਲਦਾਰ ਗੜ੍ਹਸ਼ੰਕਰ ਰਾਹੀਂ ਦੇਸ਼ ਦੇ ਰਾਸ਼ਟਰਪਤੀ ਨੂੰ ਇਕ ਮੰਗ ਪੱਤਰ ਦੇ ਕੇ ਤੇਲ ਕੀਮਤਾਂ ਨੂੰ ਘਟਾਉਣ ਅਤੇ ਮਹਿੰਗਾਈ ਨੂੰ ਘੱਟ ਕਰਨ ਦੀ ਅਪੀਲ ਕੀਤੀ। ਇਸ ਮੌਕੇ ਚੌਧਰੀ ਅੱਛਰ ਸਿੰਘ, ਕੈਪਟਨ ਕਰਨੈਲ ਸਿੰਘ,ਮੋਹਨ ਸਿੰਘ,ਸੁਰਜੀਤ ਕੁੱਲੇਵਾਲ, ਹੁਸ਼ਿਆਰ ਸਿੰਘ, ਸੁਰਿੰਦਰ ਕੌਰ, ਗੋਲਡੀ ਸਿੰਘ, ਜਸਵਿੰਦਰ ਕੌਰ ਆਦਿ ਸਮੇਤ ਅਨੇਕਾਂ ਵਰਕਰ ਹਾਜ਼ਰ ਸਨ।
ਮੁਕੇਰੀਆਂ ਵਿੱਚ ਰੋਸ ਵਜੋਂ ਪ੍ਰਧਾਨ ਮੰਤਰੀ ਦਾ ਪੁਤਲਾ ਫ਼ੂਕਿਆ
ਮੁਕੇਰੀਆਂ (ਪੱਤਰ ਪ੍ਰੇਰਕ): ਸੀਪੀਆਈ (ਐੱਮ) ਵੱਲੋਂ ਕੇਂਦਰੀ ਕਮੇਟੀ ਦੇ ਸੱਦੇ ਉੱਤੇ ਅੱਜ ਮੁਕੇਰੀਆਂ ਤਲਵਾੜਾ ਮਾਰਗ ਉੱਤੇ ਪੈਂਦੇ ਪਿੰਡ ਕਾਲੂ ਚਾਂਗ ਵਿੱਚ ਪੈਟਰੋਲੀਅਮ ਪਦਾਰਥਾਂ ਤੇ ਹੋਰ ਵਸਤਾਂ ਦੀਆਂ ਵਧ ਰਹੀਆਂ ਕੀਮਤਾਂ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ। ਤਹਿਸੀਲ ਕਮੇਟੀ ਵਲੋਂ ਸਕੱਤਰ ਆਸ਼ਾ ਨੰਦ ਦੀ ਅਗਵਾਈ ਵਿੱਚ ਕੀਤੇ ਇਸ ਰੋਸ ਪ੍ਰਦਰਸ਼ਨ ਦੌਰਾਨ ਵਧਾਈਆਂ ਕੀਮਤਾਂ ਵਾਪਸ ਲੈਣ ਦੀ ਮੰਗ ਕੀਤੀ ਗਈ। ਇਸ ਮੌਕੇ ਸ਼ੇਰ ਸਿੰਘ ਮੰਝਪੁਰ, ਡਾ. ਸੁਲਤਾਨ ਸਿੰਘ, ਨੰਬਰਦਾਰ ਸਤੀਸ਼ ਕੁਮਾਰ, ਜੋਗਿੰਦਰਪਾਲ ਗੋਗੀ, ਸੰਦੀਪ ਸਿੰਘ, ਰਾਮ ਦਿੱਤਾ, ਸਰਵਣ ਕੁਮਾਰ, ਰਕੇਸ਼ ਕੁਮਾਰ, ਰਾਮ ਲੁਭਾਇਆ, ਗੋਲਡੀ, ਪ੍ਰਮੋਦ ਚੌਧਰੀ, ਸੁਖਦੇਵ ਸਿੰਘ ਕਾਲਾ, ਮਹਿੰਗਾ ਸਿੰਘ ਡੋਗਰ, ਬਿੱਟੂ, ਤਰਸੇਮ ਸਿੰਘ ਜੌਲੀ ਅਤੇ ਗੁਰਦਿਆਲ ਸਿੰਘ ਆਦਿ ਵੀ ਹਾਜ਼ਰ ਸਨ।