ਨਿੱਜੀ ਪੱਤਰ ਪ੍ਰੇਰਕ
ਜਲੰਧਰ, 20 ਨਵੰਬਰ
ਪੰਜਾਬ-ਯੂਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਜਲੰਧਰ ਵੱਲੋਂ ਜ਼ਿਲ੍ਹਾ ਕਨਵੀਨਰਾਂ ਪੁਸ਼ਪਿੰਦਰ ਕੁਮਾਰ ਵਿਰਦੀ, ਹਰਿੰਦਰ ਸਿੰਘ ਚੀਮਾ, ਪਿਆਰਾ ਸਿੰਘ ਪੈਨਸ਼ਨਰ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਪੁੱਡਾ ਗਰਾਊਂਡ ਵਿੱਚ ਰੋਸ ਰੈਲੀ ਕੀਤੀ ਗਈ। ਇਸ ਮੌਕੇ ਐਲਾਨ ਕੀਤਾ ਗਿਆ ਕਿ ਜੇ ਪੰਜਾਬ ਸਰਕਾਰ ਫਰੰਟ ਦੇ ਆਗੂਆਂ ਨਾਲ ਗੱਲਬਾਤ ਕਰਕੇ ਮੰਗਾਂ ਦਾ ਨਿਪਟਾਰਾ ਕਰਨ ਦੇ ਰਾਹ ’ਤੇ ਨਾ ਤੁਰੀ ਤਾਂ 9 ਦਸੰਬਰ ਨੂੰ ਮੁਹਾਲੀ ਵਿਖੇ ਵਿਸ਼ਾਲ ਸੂਬਾਈ ਰੈਲੀ ਕਰਕੇ ਵਿਧਾਨ ਸਭਾ ਵੱਲ ਮਾਰਚ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ।
ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ-ਯੂਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਪੰਜਾਬ ਦੇ ਕਨਵੀਨਰ ਅਤੇ ਪਸਸਫ ਦੇ ਸੂਬਾ ਪ੍ਰਧਾਨ ਸਾਥੀ ਸਤੀਸ਼ ਰਾਣਾ ਅਤੇ ਸੂਬਾ ਜਨਰਲ ਸਕੱਤਰ ਸਾਥੀ ਤੀਰਥ ਸਿੰਘ ਬਾਸੀ ਨੇ ਕਿਹਾ ਕਿ ਪੰਜਾਬ ਦੇ ਮੁਲਾਜ਼ਮ ਆਪਣੀਆਂ ਜਾਇਜ਼ ਅਤੇ ਹੱਕੀ ਮੰਗਾਂ ਲਈ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ। ਸੰਘਰਸ਼ ਕਰਨ ਦੇ ਬਾਵਜੂਦ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀਆਂ ਸਾਂਝੀਆਂ ਮੰਗਾਂ ਪ੍ਰਤੀ ਸਾਜ਼ਿਸ਼ੀ ਚੁੱਪੀ ਧਾਰੀ ਹੋਈ ਹੈ ਅਤੇ ਫਰੰਟ ਦੇ ਆਗੂਆਂ ਨਾਲ਼ ਦੋ ਧਿਰੀ ਗੱਲਬਾਤ ਕਰਕੇ ਮੰਗਾਂ ਦਾ ਨਿਪਟਾਰਾ ਕਰਨ ਦੀ ਬਜਾਏ ਵਾਰ-ਵਾਰ ਲਾਰਾ ਲਾਊ ਪਹੁੰਚ ਅਖਤਿਆਰ ਕਰਕੇ ਮੰਗਾਂ ਨੂੰ ਲਟਕਾਈ ਬੈਠੀ ਹੈ। ਸਾਥੀ ਬਾਸੀ ਨੇ ਖੇਤੀਬਾੜੀ ਅਤੇ ਕਿਸਾਨਾਂ ਨੂੰ ਤਬਾਹ ਕਰਨ ਵਾਲੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਅਤੇ 26 ਨਵੰਬਰ ਦੀ ਕੌਮੀ ਪੱਧਰ ’ਤੇ ਹੋ ਰਹੀ ਕੌਮੀ ਹੜਤਾਲ ਦੀ ਪੁਰਜ਼ੋਰ ਹਮਾਇਤ ਕਰਦਿਆਂ ਮੁਲਾਜ਼ਮਾਂ ਨੂੰ ਦੋਵੇਂ ਐਕਸ਼ਨਾਂ ਵਿੱਚ ਵਧ-ਚੜ੍ਹ ਕੇ ਸ਼ਮੂਲੀਅਤ ਕਰਨ ਦਾ ਸੱਦਾ ਵੀ ਦਿੱਤਾ। ਇਸ ਮੌਕੇ ਕਰਨੈਲ ਫਿਲੌਰ, ਅਮਰਜੀਤ ਸਿੰਘ ਮਹਿਮੀ, ਸ਼ਿਵ ਕੁਮਾਰ, ਗਣੇਸ਼ ਭਗਤ, ਪਰਮਜੀਤ ਸਿੰਘ, ਹਰਚਰਨ ਸਿੰਘ, ਸੰਦੀਪ ਸਿੰਘ, ਅਮਰੀਕ ਸਿੰਘ ਸੇਖੋਂ, ਮਾਸਟਰ ਮਨੋਹਰ ਲਾਲ, ਨਿਰਮੋਲਕ ਸਿੰਘ ਹੀਰਾ, ਵਿਜੈ ਕੁਮਾਰ, ਗੁਲਜ਼ਾਰ ਮੁਹੰਮਦ, ਕੁਲਦੀਪ ਵਾਲੀਆ, ਕਮਲ ਰਾਏ ਆਦਿ ਹਾਜ਼ਰ ਸਨ।