ਪੱਤਰ ਪ੍ਰੇਰਕ
ਹੁਸ਼ਿਆਰਪੁਰ, 20 ਅਕਤੂਬਰ
ਪੰਜਾਬ ਯੂ.ਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਮਿਨੀ ਸਕੱਤਰੇਤ ਅੱਗੇ ਰੋਸ ਰੈਲੀ ਕੀਤੀ ਗਈ। ਜ਼ਿਲ੍ਹਾ ਕਨਵੀਨਰ ਰਾਮਜੀ ਦਾਸ ਚੌਹਾਨ, ਕੁਲਵਰਨ ਸਿੰਘ, ਉਂਕਾਰ ਸਿੰਘ ਦੀ ਅਗਵਾਈ ਹੇਠ ਕੀਤੀ ਰੈਲੀ ਦੌਰਾਨ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੂਬਾ ਕਨਵੀਨਰ ਸਤੀਸ਼ ਰਾਣਾ ਨੇ ਕਿਹਾ ਕਿ ਪੰਜਾਬ ‘ਆਪ’ ਸਰਕਾਰ ਵੀ ਪਿਛਲੀਆਂ ਰਵਾਇਤੀ ਸਰਕਾਰਾਂ ਵਾਂਗ ਹੀ ਮੁਲਾਜ਼ਮ ਤੇ ਪੈਨਸ਼ਨਰ ਵਿਰੋਧੀ ਨੀਤੀਆਂ ਲਾਗੂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਸੂਬੇ ਦੀ ਜਨਤਾ ਨਾਲ ਕੀਤੇ ਵਾਅਦਿਆਂ ਨੂੰ ਸੱਤਾ ’ਚ ਆਉਣ ਤੋਂ ਬਾਅਦ ‘ਆਪ’ ਸਰਕਾਰ ਭੁੱਲ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਮੁਲਾਜ਼ਮ ਤੇ ਪੈਨਸ਼ਨਰ ਵਿਰੋਧੀ ਨੀਤੀਆਂ ਨੂੰ ਤੇਜ਼ੀ ਨਾਲ ਲਾਗੂ ਕਰ ਰਹੀ ਹੈ ਜਿਸ ਕਾਰਨ ਇਸ ਵਰਗ ’ਚ ਸਰਕਾਰ ਪ੍ਰਤੀ ਰੋਸ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਜੇ ਪੰਜਾਬ ਸਰਕਾਰ ਨੇ ਆਪਣੀਆਂ ਨੀਤੀਆਂ ਨੂੰ ਨਾ ਛੱਡਿਆ ਤਾਂ ਸਰਕਾਰ ਨੂੰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਰੋਹ ਦਾ ਸਾਹਮਣਾ ਕਰਨਾ ਪਵੇਗਾ। ਰੈਲੀ ਉਪਰੰਤ ਮਿਨੀ ਸਕੱਤਰੇਤ ਦੇ ਗੇਟ ਅੱਗੇ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਰੋਸ ਮੁਜ਼ਾਹਰਾ ਕੀਤਾ ਗਿਆ।ਵਧੀਕ ਡਿਪਟੀ ਕਮਿਸ਼ਨਰ (ਜ) ਨੂੰ ਮੰਗ ਪੱਤਰ ਵੀ ਦਿੱਤਾ ਗਿਆ।
ਫਗਵਾੜਾ (ਪੱਤਰ ਪ੍ਰੇਰਕ) ਪੰਜਾਬ ਯੂ.ਟੀ. ਮੁਲਾਜ਼ਮ, ਪੈਨਸ਼ਨਰ ਸੰਘਰਸ਼ ਮੋਰਚਾ ਪੰਜਾਬ ਦੇ ਸੱਦੇ ’ਤੇ ਅੱਜ ਟਾਊਨ ਹਾਲ ਫਗਵਾੜਾ ਵਿੱਚ ਮੁਲਾਜ਼ਮਾਂ ਨੇ ਇਕੱਤਰ ਹੋ ਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਸਰਕਾਰ ਦੀ ਅਰਥੀ ਫੂਕੀ। ਇਸ ਮੌਕੇ ਮੁੱਖ ਮੰਤਰੀ, ਵਿੱਤ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਏ.ਡੀ.ਸੀ ਨੂੰ ਸੌਂਪਿਆ। ਇਸ ਮੌਕੇ ਡੀ.ਐੱਮ.ਐੱਫ ਆਗੂ ਗੁਰਮੁਖ ਲੋਕ ਪ੍ਰੇਮੀ, ਪੈਨਸ਼ਨਰ ਆਗੂ ਹੰਸਰਾਜ ਬੰਗੜ, ਰਾਮ ਲੁਭਾਇਆ, ਪ੍ਰਿੰਸੀ: ਤਰਸੇਮ ਅਹੀਰ ਤੇ ਮਿੱਡ-ਡੇਅ ਮੀਲ ਵਰਕਰਜ਼ ਯੂਨੀਅਨ ਆਗੂ ਪਰਮਜੀਤ ਕੌਰ, ਬਲਵਿੰਦਰ ਕੌਰ ਨੇ ਦੱਸਿਆ ਕਿ ਸਰਕਾਰ ਮੋਰਚੇ ਨਾਲ ਗੱਲਬਾਤ ਤੋਂ ਭੱਜ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਮਾਣ ਭੱਤਾ ਵਰਕਰਾਂ ਤੇ ਘੱਟੋ ਘੱਟ ਉਜਰਤ ਅਨੁਸਾਰ 18 ਹਜ਼ਾਰ ਭੱਤਾ ਲਾਗੂ ਨਹੀਂ ਕਰ ਰਹੀ, ਵਾਅਦੇ ਅਨੁਸਾਰ ਪੁਰਾਣੀ ਪੈਨਸ਼ਨ ਬਹਾਲ ਨਹੀਂ ਕਰ ਰਹੀ, ਪੈਨਸ਼ਨ ਤੇ ਤਨਖ਼ਾਹ ਦਾ ਗੁਣਾਕ ਪੇ-ਕਮਿਸ਼ਨ ਅਨੁਸਾਰ ਸਹੀ ਸੌਂਧ ਕੇ ਲਾਗੂ ਨਹੀਂ ਕਰ ਰਹੀ, ਬਿਨ੍ਹਾਂ ਸ਼ਰਤ ਸਾਰੇ ਕੱਚੇ ਮੁਲਾਜ਼ਮ ਪੱਕੇ ਨਹੀਂ ਕਰ ਰਹੀ, ਕੱਟੇ ਹੋਏ ਭੱਤੇ ਬਹਾਲ ਨਹੀਂ ਕਰ ਰਹੀ ਤੇ ਡੀ.ਏ ਦੀਆਂ ਕਿਸ਼ਤਾਂ ਜਾਰੀ ਨਹੀਂ ਕਰ ਰਹੀ।ਬੇਰੁਜ਼ਗਾਰਾਂ ਨੂੰ ਰੁਜ਼ਗਾਰ ਨਹੀਂ ਦੇ ਰਹੀ ਤੇ ਪੁਰਾਣੀਆਂ ਸਰਕਾਰਾ ਵਾਂਗ ਨਿੱਜੀਕਰਣ ਦੇ ਰਾਹ ਪਈ ਨਵੀਂ ਸਰਕਾਰ ਵੀ ਮੁਲਾਜ਼ਮਾਂ ਦੇ ਵਿਭਾਗੀ ਮਸਲਿਆਂ ਤੋਂ ਟਾਲ ਮਟੋਲ ਕਰ ਰਹੀ ਹੈ ਆਦਿ ਮੰਗਾਂ ਸ਼ਾਮਲ ਹਨ।