ਜਸਬੀਰ ਸਿੰਘ ਚਾਨਾ
ਫਗਵਾੜਾ, 8 ਫਰਵਰੀ
ਨਗਰ ਨਿਗਮ ਵੱਲੋਂ ਰੇਹੜੀ ਫੜ੍ਹੀ ਵਾਲਿਆਂ ‘ਤੇ ਕਾਰਵਾਈ ਕੀਤੇ ਜਾਣ ਦੇ ਰੋਸ ਵਜੋਂ ਅੱਜ ਲੋਕ ਹਿੱਤ ਸੰਘਰਸ਼ ਮੋਰਚਾ ਦੇ ਸੂਬਾ ਪ੍ਰਧਾਨ ਜਰਨੈਲ ਨੰਗਲ ਵਲੋਂ ਨਗਰ ਨਿਗਮ ਦਫ਼ਤਰ ਦੇ ਬਾਹਰ ਧਰਨਾ ਲਗਾਇਆ ਤੇ ਪ੍ਰਸ਼ਾਸਨ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਰੇਹੜੀ ਚਾਲਕਾਂ ਵਲੋਂ ਅੱਜ ਰੋਸ ਮਾਰਚ ਅਰਬਨ ਅਸਟੇਟ ਗੇਟ ਤੋਂ ਕੱਢਿਆ ਗਿਆ।
ਧਰਨੇ ਨੂੰ ਸੰਬੋਧਨ ਕਰਦੇ ਹੋਏ ਨੰਗਲ ਨੇ ਕਿਹਾ ਕਿ ਨਗਰ ਨਿਗਮ ਦੀ ਟੀਮ ਵਾਰ ਵਾਰ ਗਰੀਬਾਂ ਦੀਆਂ ਰੇਹੜੀਆਂ ਖੋਖਿਆਂ ਦੀ ਭੰਨ ਤੋੜ ਕਰਦੀ ਹੈ ਤੇ ਉਨ੍ਹਾਂ ਦਾ ਸਾਮਾਨ ਚੁੱਕ ਲਿਆਉਂਦੀ ਹੈ ਜਿਸ ਦੇ ਵਿਰੋਧ ‘ਚ ਅਸੀਂ ਪਹਿਲਾ ਵੀ ਦੋ ਵਾਰ ਨਗਰ ਨਿਗਮ ਕਮਿਸ਼ਨਰ ਨੂੰ ਮਿਲਣ ਵਾਸਤੇ ਆਏ ਸੀ ਪਰ ਉਹ ਨਹੀਂ ਮਿਲੇ ਜਿਸ ਤੋਂ ਬਾਅਦ ਉਨ੍ਹਾਂ ਐਲਾਨ ਕੀਤਾ ਸੀ ਕਿ ਜਦੋਂ ਤੱਕ ਕਮਿਸ਼ਨਰ ਨਹੀਂ ਮਿਲਦੇ ਉਦੋਂ ਤੱਕ ਅੰਦੋਲਨ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਅੱਜ ਨਿਗਮ ਕਮਿਸ਼ਨਰ ਨੇ ਧਰਨੇ ਤੋਂ ਬਾਅਦ ਉਨ੍ਹਾਂ ਨਾਲ ਮੀਟਿੰਗ ਹੋਈ ਜਿਸ ‘ਚ ਉਨ੍ਹਾਂ ਭਰੋਸਾ ਦਿੱਤਾ ਕਿ ਕਿਸੇ ਵੀ ਗਰੀਬ ਨਾਲ ਕੋਈ ਧੱਕੇਸ਼ਾਹੀ ਨਹੀਂ ਹੋਵੇਗੀ ਤੇ ਜਦੋਂ ਵੀ ਕਿਸੇ ਨੂੰ ਕੋਈ ਮੁਸ਼ਕਿਲ ਹੋਵੇਗੀ ਉਸ ਦੇ ਹੱਲ ਵਾਸਤੇ ਪਹਿਲਾਂ ਉਨ੍ਹਾਂ ਨਾਲ ਮੀਟਿੰਗ ਕੀਤੀ ਜਾਵੇਗੀ।
ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਕਿਸੇ ਗਰੀਬ ਨਾਲ ਧੱਕਾ ਕੀਤਾ ਤਾਂ ਅਸੀਂ ਮੁੜ ਸੰਘਰਸ਼ ਕਰਾਂਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਜਿੰਦਰ ਰਾਣਾ, ਰਾਮ ਸਿੰਘ ਬੋਲੀਨਾ, ਲਲਿਤ ਕੰਗਣੀਵਾਲ, ਡਾ. ਸੁਖਦੇਵ ਚੌਕੜੀਆ, ਜਤਿੰਦਰ ਮੋਹਨ, ਲਖਿੰਦਰ ਗੁਪਤਾ, ਰਾਜ ਕੁਮਾਰ, ਜੀਵਨ ਡੁਮੇਲੀ, ਡਾ. ਰਮੇਸ਼, ਅਨਿਲ ਸ਼ਰਮਾ, ਕੁਲਵਿੰਦਰ ਵਿਰਕ, ਪਵਨ ਕੁਮਾਰ, ਕਮਲ ਫੌਜੀ, ਸਿਰਾਜ਼ ਅਲੀ , ਗਿਆਨ ਅਬਾਦੀ, ਰਾਜੂ ਅਬਾਦੀ, ਅਤੁਲ ਕੁਮਾਰ, ਸਨੀ ਕੁਮਾਰ ਵੀ ਸ਼ਾਮਲ ਸਨ।