ਪੱਤਰ ਪ੍ਰੇਰਕ
ਹੁਸ਼ਿਆਰਪੁਰ, 6 ਦਸੰਬਰ
ਨੈਸ਼ਨਲ ਹੈਲਥ ਮਿਸ਼ਨ (ਐਨਐਚਐਮ) ਅਧੀਨ ਕੰਮ ਕਰਦੇ ਕਰਮਚਾਰੀਆਂ ਦੀ ਹੜਤਾਲ ਅੱਜ 15ਵੇਂ ਦਿਨ ’ਚ ਸ਼ਾਮਿਲ ਹੋ ਗਈ ਹੈ। ਅੱਜ ਕਰਮਚਾਰੀਆਂ ਨੇ ਸਿਵਲ ਹਸਪਤਾਲ ਤੋਂ ਸੈਸ਼ਨ ਚੋਕ ਤੱਕ ਰੋਸ ਮਾਰਚ ਕੀਤਾ। ਮਾਰਚ ਦੌਰਾਨ ਕਰਮਚਾਰੀਆਂ ਨੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਸੰਘਰਸ਼ ਹੋਰ ਤੇਜ਼ ਕਰਨ ਦੀ ਚਿਤਾਵਨੀ ਦਿੱਤੀ। ਪੰਜਾਬ ਚੀਫ਼ ਫ਼ਾਰਮੇਸੀ ਐਸੋਸੀਏਸ਼ਨ ਦੇ ਪ੍ਰਧਾਨ ਇੰਦਰਜੀਤ ਸਿੰਘ, ਪਰਮਿੰਦਰ ਸਿੰਘ, ਆਸ਼ਾ ਵਰਕਰ ਯੂਨੀਅਨ ਦੇ ਪ੍ਰਧਾਨ ਹਰਨਿੰਦਰ ਕੌਰ, ਸਰਵ ਸਿੱਖਿਆ ਅਭਿਆਨ ਅਤੇ ਮਿਡ-ਡੇਅ ਮੀਲ ਦਫ਼ਤਰੀ ਮੁਲਾਜ਼ਮ ਯੂਨੀਅਨ ਦੇ ਗੁਰਜਿੰਦਰ ਸਿੰਘ ਬਣਵੈਤ ਆਦਿ ਨੇ ਐੱਨਐੱਚਐੱਮ ਯੂਨੀਅਨ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ।
ਤਰਨ ਤਾਰਨ (ਪੱਤਰ ਪ੍ਰੇਰਕ): ਕੌਮੀ ਸਿਹਤ ਮਿਸ਼ਨ (ਐੱਨਐੱਚਐੱਮ) ਦੇ ਮੁਲਾਜ਼ਮਾਂ ਵੱਲੋਂ ਅੱਜ ਇਥੇ ਪੰਜਾਬ ਸਰਕਾਰ ਖ਼ਿਲਾਫ਼ ਮਾਰਚ ਕੀਤਾ ਗਿਆ। ਇਸ ਉਪਰੰਤ ਆਪਣੀਆਂ ਮੰਗਾਂ ਸਬੰਧੀ ਹਲਕਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਨੂੰ ਪੰਜਾਬ ਸਰਕਾਰ ਦੇ ਨਾਂ ਮੰਗ ਪੱਤਰ ਦਿੱਤਾ| ਸਿਹਤ ਵਿਭਾਗ ਪੰਜਾਬ ਅੰਦਰ ਆਸ਼ਾ ਵਰਕਰਾਂ ਸਟਾਫ਼ ਨਰਸਾਂ, ਡਾਕਟਰਾਂ, ਦਫ਼ਤਰੀ ਕਾਮਿਆਂ ਆਦਿ ਦੀਆਂ ਅਸਾਮੀਆਂ ’ਤੇ ਕੰਮ ਕਰਦੇ ਇਹ ਮੁਲਾਜ਼ਮ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਦੀ ਮੰਗ ਨੂੰ ਲੈ ਕੇ ਅੰਦੋਲਨ ਦੇ ਰਾਹ ’ਤੇ ਹਨ| ਵਿਧਾਇਕ ਦੇ ਦਫ਼ਤਰ ਵਿਚ ਨਾ ਹੋਣ ਕਰ ਕੇ ਜਥੇਬੰਦੀ ਨੇ ਮੰਗ ਪੱਤਰ ਵਿਧਾਇਕ ਦੇ ਨਿੱਜੀ ਸਹਾਇਕ (ਪੀਏ) ਨੂੰ ਦਿੱਤਾ|