ਹਰਪ੍ਰੀਤ ਕੌਰ
ਹੁਸ਼ਿਆਰਪੁਰ, 16 ਅਗਸਤ
ਘੱਟ ਗਿਣਤੀ ਤੇ ਦਲਿਤਾਂ ’ਤੇ ਹੋ ਰਹੇ ਅੱਤਿਆਚਾਰਾਂ ਵਿਰੁੱਧ ਅਕਾਲੀ ਦਲ (ਅ) ਨੇ ਆਪਣੀਆਂ ਸਹਿਯੋਗੀ ਜਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ), ਆਜ਼ਾਦ ਕਿਸਾਨ ਕਮੇਟੀ ਲਾਚੋਵਾਲ, ਸਿੱਖ ਮੁਸਲਿਮ ਦਲਿਤ ਇਸਾਈ ਸਾਂਝਾ ਫ਼ਰੰਟ ਅਤੇ ਆਵਾਜ਼-ਏ-ਕੌਮ ਦੇ ਸਹਿਯੋਗ ਨਾਲ ਗੁਰਦੁਆਰਾ ਸਿੰਘ ਸਭਾ ਤੋਂ ਰੋਸ ਮਾਰਚ ਕੱਢਿਆ। ਨਾਅਰਿਆਂ ਦੀ ਗੂੰਜ ਵਿਚ ਇਹ ਮਾਰਚ ਸੈਸ਼ਨ ਚੌਕ ਜਾ ਕੇ ਸਮਾਪਤ ਹੋਇਆ। ਇਸ ਮੌਕੇ ਬੋਲਦਿਆਂ ਉਕਤ ਜਥੇਬੰਦੀਆਂ ਦੇ ਬੁਲਾਰਿਆਂ ਨੇ ਕਿਹਾ ਕਿ ਦੇਸ਼ ਅੰਦਰ ਘੱਟ ਗਿਣਤੀਆਂ ਤੇ ਦਲਿਤਾਂ ਉੱਤੇ ਅੱਤਿਆਚਾਰ ਲਗਾਤਾਰ ਵਧ ਰਹੇ ਹਨ ਅਤੇ ਧਾਰਮਿਕ ਸਥਾਨਾਂ ਦੀ ਬੇਹੁਰਮਤੀ ਲਗਾਤਾਰ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਨਸਲਕੁਸ਼ੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਫਰੰਟ ਵਲੋਂ ਇਸ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਭ ਲਈ ਕੇਂਦਰ ਤੇ ਸੂਬਾ ਸਰਕਾਰਾਂ ਜ਼ਿੰਮੇਵਾਰ ਹਨ। ਇਸ ਮੌਕੇ ਗੁਰਦੀਪ ਸਿੰਘ ਖੁਣ-ਖੁਣ, ਗੁਰਨਾਮ ਸਿੰਘ ਸਿੰਗੜੀਵਾਲਾ, ਮਾਸਟਰ ਕੁਲਦੀਪ ਸਿੰਘ, ਲਾਰੈਂਸ ਚੌਧਰੀ, ਵਿਕਾਸ ਹੰਸ ਆਦਿ ਮੌਜੂਦ ਸਨ।