ਜਸਬੀਰ ਸਿੰਘ ਚਾਨਾ
ਫਗਵਾੜਾ, 13 ਅਗਸਤ
ਕਰੋਨਾ ਟੀਕਾਕਰਨ ਦੌਰਾਨ ਕੀਤੇ ਜਾ ਰਹੇ ਮਾਮਲੇ ’ਤੇ ਹੋ ਰਹੇ ਵਿਤਕਰੇ ਤੋਂ ਪ੍ਰੇਸ਼ਾਨ ਹੋਏ ਪੰਜਾਬ ਐਗਰੋ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਨੇ ਅੱਜ ਆਪਣੀ ਹੀ ਸਰਕਾਰ ਦੇ ਅਧਿਕਾਰੀਆਂ ਖ਼ਿਲਾਫ਼ ਕਰੀਬ ਤਿੰਨ ਘੰਟੇ ਸਿਵਲ ਹਸਪਤਾਲ ਵਿੱਚ ਐਸਐਮਓ ਦੇ ਕਮਰੇ ਅੱਗੇ ਧਰਨਾ ਲਗਾਇਆ।
ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਕਰੋਨਾ ਟੀਕਾ ਮੁਫ਼ਤ ਲਗਾਇਆ ਜਾ ਰਿਹਾ ਹੈ ਤਾਂ ਜੋ ਕੋਵਿਡ ਮਹਾਮਾਰੀ ਨਾਲ ਲੜਿਆ ਜਾ ਸਕੇ। ਪਰ ਵਿਧਾਇਕ ਤੇ ਉਨ੍ਹਾਂ ਦੇ ਚਹੇਤੇ ਆਪਣੀ ਮਰਜ਼ੀ ਨਾਲ ਜਿੱਥੇ ਚਾਹੁੰਦੇ ਹਨ, ਉੱਥੇ ਹੀ ਕੈਂਪ ਲਗਵਾਉਂਦੇ ਹਨ। ਉਨ੍ਹਾਂ ਕਿਹਾ ਕਿ ਇਹ ਕੈਂਪ ਨਗਰ ਨਿਗਮ ਦੀਆਂ ਹੋਣ ਵਾਲੀਆਂ ਸੰਭਾਵੀ ਚੋਣਾਂ ’ਚ ਖੜ੍ਹੇ ਹੋਣ ਵਾਲੇ ਉਮੀਦਵਾਰਾਂ ਦੀ ਇੱਛਾ ਅਨੁਸਾਰ ਲੱਗ ਰਹੇ ਹਨ ਜੋ ਕਿ ਵਿਧਾਇਕ ਦੇ ਨੇੜਲੇ ਹਨ ਜਦੋਂਕਿ ਕਾਂਗਰਸ ਦੇ ਦੂਜੇ ਧੜ੍ਹੇ ਨਾਲ ਸਬੰਧਿਤ ਆਗੂਆਂ ਨੂੰ ਨਜ਼ਰਅੰਦਾਜ਼ ਕਰ ਕੇ ਉਨ੍ਹਾਂ ਨੂੰ ਨੀਵੇਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੀ ਵਿਧਾਇਕ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਕੰਮ ਕਰ ਰਿਹਾ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਇਸ ’ਚ ਦਖ਼ਲ ਦੇਣ ਦੀ ਮੰਗ ਕੀਤੀ।
ਧਰਨੇ ਦੀ ਸੂਚਨਾ ਮਿਲਦੇ ਸਾਰ ਐਸਡੀਐਮ ਸ਼ਾਇਰੀ ਮਲਹੋਤਰਾ, ਡੀਐਸਪੀ ਪਰਮਜੀਤ ਸਿੰਘ ਤੇ ਐਸਐਚਓ ਸਿਟੀ ਸੁਰਜੀਤ ਸਿੰਘ ਮੌਕੇ ’ਤੇ ਪੁੱਜੇ ਤੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ ਤੇ ਭਰੋਸਾ ਦਿੱਤਾ ਕਿ ਟੀਕਾਕਰਨ ਦਾ ਕੰਮ ਪੂਰੀ ਨਿਰਪੱਖਤਾ ਦੇ ਆਧਾਰ ’ਤੇ ਹੋਵੇਗਾ ਤੇ ਇਸ ’ਚ ਕੋਈ ਸ਼ਿਕਾਇਤ ਨਹੀਂ ਆਉਣ ਦਿੱਤੀ ਜਾਵੇਗੀ, ਇਸ ਮਗਰੋਂ ਧਰਨਾ ਸਮਾਪਤ ਕੀਤਾ ਗਿਆ।
ਸਰਕਾਰੀ ਸਕੂਲ ਦੀਆਂ ਅੱਠ ਵਿਦਿਆਰਥਣਾਂ ਕਰੋਨਾ ਪਾਜ਼ੇਟਿਵ
ਅਜਨਾਲਾ (ਪੱਤਰ ਪ੍ਰੇਰਕ): ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਆਦੇਸ਼ਾਂ ’ਤੇ ਸਰਕਾਰੀ ਸਕੂਲਾਂ ਅੰਦਰ ਕੋਵਿਡ-19 ਦੀ ਟੈਸਟਿੰਗ ਕੀਤੀ ਜਾ ਰਹੀ ਹੈ। ਇਸ ਤਹਿਤ ਬੀਤੇ ਦਿਨੀਂ ਅਜਨਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਦੇ ਸਮੂਹ ਸਟਾਫ ਅਤੇ ਵਿਦਿਆਰਣਾਂ ਦੇ ਕਰੋਨਾ ਟੈਸਟ ਲਈ ਨਮੂਨੇ ਲਏ ਗਏ ਸਨ। ਅੱਜ ਆਈਆਂ ਰਿਪੋਰਟਾਂ ਵਿਚ ਸਕੂਲ ਦੀਆਂ ਗਿਆਰਵੀਂ ਜਮਾਤ ਦੀਆਂ 6 ਅਤੇ ਬਾਰ੍ਹਵੀਂ ਜਮਾਤ ਦੀਆਂ 2 ਵਿਦਿਆਰਥਣਾਂ ਪਾਜ਼ੇਟਿਵ ਆਈਆਂ ਹਨ। ਇਸ ਕਾਰਨ ਸਕੂਲ ਨੂੰ 14 ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ। ਸਕੂਲ ਸਟਾਫ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।
ਕਰੋਨਾ: ਜਲੰਧਰ ’ਚ ਚਾਰ ਨਵੇਂ ਪਾਜ਼ੇਟਿਵ ਕੇਸ
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹੇ ਵਿਚ ਅੱਜ ਕਰੋਨਾ ਦੇ ਚਾਰ ਨਵੇਂ ਪਾਜ਼ੇਟਿਵ ਕੇਸ ਆਏ ਹਨ। ਸਿਹਤ ਵਿਭਾਗ ਦੀਆਂ ਰਿਪੋਰਟਾਂ ਅਨੁਸਾਰ ਜ਼ਿਲ੍ਹੇ ਵਿਚ ਹੁਣ ਤੱਕ 1490 ਮੌਤਾਂ ਹੋ ਚੁੱਕੀਆਂ ਹਨ ਤੇ ਕੁੱਲ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 63,172 ਤੱਕ ਪਹੁੰਚ ਗਈ ਹੈ। ਇਨ੍ਹਾਂ ਵਿਚੋਂ ਹੁਣ 43 ਐਕਟਿਵ ਕੇਸ ਹਨ।