ਪੱਤਰ ਪ੍ਰੇਰਕ
ਹੁਸ਼ਿਆਰਪੁਰ, 16 ਫ਼ਰਵਰੀ
ਕਿਸਾਨ ਜਥੇਬੰਦੀਆਂ ਦਾ ਜੀਓ ਰਿਲਾਇੰਸ ਦਫ਼ਤਰ ਅੱਗੇ ਚੱਲ ਰਿਹਾ ਧਰਨਾ 97ਵੇਂ ਦਿਨ ’ਚ ਪਹੁੰਚ ਚੁੱਕਿਆ ਹੈ। ਅੱਜ ਧਰਨੇ ਦੌਰਾਨ ਕਿਸਾਨਾਂ ਨੇ ਅੰਗਰੇਜ਼ੀ ਰਾਜ ਦੌਰਾਨ ਕਿਸਾਨਾਂ ਨੂੰ ਸ਼ਾਹੂਕਾਰ ਕਰਜ਼ਿਆਂ ਤੋਂ ਮੁਕਤ ਕਰਾਉਣ ਲਈ ਬਣਾਏ ਕਾਨੂੰਨਾਂ ਬਾਰੇ ਜਾਣਕਾਰੀ ਦਿੱਤੀ ਤੇ ਕਿਸਾਨਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਸਰ ਛੋਟੂ ਰਾਮ ਨੂੰ ਸ਼ਰਧਾਂਜਲੀ ਭੇਟ ਕੀਤੀ। ਕਿਸਾਨ ਆਗੂਆਂ ਨੇ ਕਿਹਾ ਕਿ ਵਾਤਾਵਰਨ ਦੀ ਰਖਵਾਲੀ ਲਈ ਕੰਮ ਕਰਦੀ ਦਿਸ਼ਾ ਰਾਵੀ ਨੂੰ ਦੇਸ਼ ਧ੍ਰੋਹ ਦੇ ਕੇਸ ਅਧੀਨ ਗ੍ਰਿਫ਼ਤਾਰ ਕਰਨਾ ਸਰਕਾਰ ਦਾ ਜਬਰ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਦੇ ਅਜਿਹੇ ਹਥਕੰਡੇ ਕਿਸਾਨਾਂ ਦੇ ਹੌਸਲਿਆਂ ਨੂੰ ਦਬਾ ਨਹੀਂ ਸਕਦੇ। ਉਨ੍ਹਾਂ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ 18 ਫ਼ਰਵਰੀ ਨੂੰ ਗਰਨਾ ਸਾਹਿਬ ਰੇਲਵੇ ਸਟੇਸ਼ਨ ’ਤੇ ਚਾਰ ਘੰਟੇ ਲਈ ਰੇਲ ਦਾ ਚੱਕਾ ਜਾਮ ਕੀਤਾ ਜਾਵੇਗਾ।