ਪਾਲ ਸਿੰਘ ਨੌਲੀ
ਜਲੰਧਰ, 21 ਜੁਲਾਈ
ਸੋਡਲ ਰੋਡ ’ਤੇ ਲੁਟੇਰਿਆਂ ਹੱਥੋਂ ਗੋਲੀ ਨਾਲ ਮਾਰੇ ਗਏ ਕਰਿਆਨਾ ਸਟੋਰ ਦੇ ਮਾਲਕ ਸਚਿਨ ਜੈਨ ਦੇ ਕਾਤਲਾਂ ਨੂੰ ਫੜਨ ਦੀ ਮੰਗ ਕਰਦਿਆਂ ਛੋਟੇ ਦਕਾਨਦਾਰਾਂ ਨੇ ਕਮਿਸ਼ਨਰੇਟ ਪੁਲੀਸ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਟਰੇਡਰ ਫੋਰਮ ਵੱਲੋਂ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਨੇ ਭਗਤ ਸਿੰਘ ਚੌਕ ਵਿੱਚ ਧਰਨਾ ਲਾਇਆ ਤੇ ਮ੍ਰਿਤਕ ਸਚਿਨ ਜੈਨ ਦੀਆਂ ਤਸਵੀਰਾਂ ਵਾਲੀਆਂ ਤਖ਼ਤੀਆਂ ਹੱਥਾਂ ਵਿੱਚ ਫੜ ਕੇ ਇਨਸਾਫ਼ ਦੀ ਮੰਗ ਕੀਤੀ। ਦੁਕਾਨਦਾਰਾਂ ਨੇ ਇਹ ਮੰਗ ਵੀ ਕੀਤੀ ਕਿ ਜਿਹੜੇ ਹਸਪਤਾਲਾਂ ਨੇ ਸਚਿਨ ਜੈਨ ਨੂੰ ਦਾਖ਼ਲ ਕਰਨ ਤੋਂ ਨਾਂਹ ਕੀਤੀ ਸੀ, ਉਨ੍ਹਾਂ ਵਿਰੁੱਧ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਲੋਕਾਂ ਵਿੱਚ ਇਸ ਗੱਲ ਨੂੰ ਲੈ ਕੇ ਡਰ ਪਾਇਆ ਜਾ ਰਿਹਾ ਹੈ ਕਿਉਂਕਿ ਆਏ ਦਿਨ ਜਲੰਧਰ ਵਿੱਚ ਗੋਲੀਆਂ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ।
ਉਧਰ, ਕਮਿਸ਼ਨਰੇਟ ਪੁਲੀਸ ਨੇ ਦਾਅਵਾ ਕੀਤਾ ਹੈ ਕਿ ਤਿੰਨ ਲੁਟੇਰਿਆਂ ਵਿੱਚੋਂ ਇੱਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਦੀਪਕ ਵਾਸੀ ਪਿੰਡ ਹਰੀਪੁਰ ਜ਼ਿਲ੍ਹਾ ਜਲੰਧਰ ਵਜੋਂ ਹੋਈ।
ਡਿਪਟੀ ਕਮਿਸ਼ਨਰ ਪੁਲੀਸ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਘਟਨਾ ਦੇ 24 ਘੰਟਿਆਂ ਅੰਦਰ ਹੀ ਦੋ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਸੀ, ਜਿਨ੍ਹਾਂ ਵਿੱਚੋਂ ਇੱਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਪਛਾਣ ਅਰਸ਼ਪ੍ਰੀਤ ਸਿੰਘ ਵਾਸੀ ਸ਼ਹੀਦ ਬਾਬੂ ਲਾਭ ਸਿੰਘ ਨਗਰ, ਹਰੀਪੁਰ ਵਾਸੀ ਦੀਪਕ ਅਤੇ ਰਾਜ ਨਗਰ ਇਲਾਕੇ ਦੇ ਸਾਹਿਲ ਵਜੋਂ ਹੋਈ ਹੈ।
ਡੀਸੀਪੀ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਵੱਲੋਂ ਕਰਿਆਨਾ ਸਟੋਰ ਮਾਲਕ ਸਚਿਨ ਤੋਂ ਕੁਝ ਪੈਸੇ ਖੋਹਣ ਦੇ ਇਰਾਦੇ ਨਾਲ ਉਸ ਨਾਲ ਹੱਥੋਪਾਈ ਕੀਤੀ ਗਈ, ਜਿੱਥੇ ਇਕ ਮੁਲਜ਼ਮ ਨੇ ਸਚਿਨ ਜੈਨ ’ਤੇ ਗੋਲੀ ਚਲਾ ਦਿੱਤੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਸੀ। ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ।