ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਜਲੰਧਰ/ਸ਼ਾਹਕੋਟ, 16 ਮਾਰਚ
ਪ੍ਰਸਿੱਧ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਾਤਲਾਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ ਇਲਾਕੇ ਦੇ ਹਜ਼ਾਰਾਂ ਨੌਜਵਾਨਾਂ, ਖਿਡਾਰੀਆਂ ਅਤੇ ਕਿਸਾਨ ਜਥੇਬੰਦੀਆਂ ਨੇ ਅੱਜ ਨਕੋਦਰ ਸਿਵਲ ਹਸਪਤਾਲ ਵਿਚ ਪ੍ਰਦਰਸ਼ਨ ਕੀਤਾ। ਧਰਨੇ ਦੌਰਾਨ ਐਲਾਨ ਕੀਤਾ ਗਿਆ ਕਿ ਜਿੰਨਾ ਚਿਰ ਪੁਲੀਸ ਕਾਤਲਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਲੈਂਦੀ ਉਨ੍ਹਾਂ ਚਿਰ ਸੰਦੀਪ ਦਾ ਨਾ ਪੋਸਟਮਾਰਟਮ ਕਰਵਾਇਆ ਜਾਵੇਗਾ ਅਤੇ ਨਾ ਹੀ ਸਸਕਾਰ ਕੀਤਾ ਜਾਵੇਗਾ। ਮ੍ਰਿਤਕ ਦੇ ਵੱਡੇ ਭਰਾ ਅੰਗਰੇਜ਼ ਸਿੰਘ ਨੇ ਕਿਹਾ ਕਿ ਕਾਤਲਾਂ ਬਾਰੇ ਪੁਲੀਸ 48 ਘੰਟਿਆਂ ਵਿਚ ਵੀ ਕੋਈ ਸੁਰਾਗ ਨਹੀਂ ਲਗਾ ਸਕੀ। ਉਨ੍ਹਾਂ ਕਿਹਾ ਕਿ ਸੰਦੀਪ ਦੀ ਪਤਨੀ, ਮਾਤਾ, ਭਰਾ ਤੇ ਹੋਰ ਨਜ਼ਦੀਕੀਆਂ ਦੇ ਵਿਦੇਸ਼ ਤੋਂ ਆਉਣ ਮਗਰੋਂ ਇਸ ਬਾਰੇ ਸੋਚਿਆ ਜਾਵੇਗਾ।
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪਨੂੰ ਸਣੇ ਹੋਰ ਬੁਲਾਰਿਆਂ ਨੇ ਇਨਸਾਫ਼ ਲੈਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਡੀਐੱਸਪੀ ਨਕੋਦਰ ਲਖਵਿੰਦਰ ਸਿੰਘ ਦੇ ਧਰਨਾਕਾਰੀਆਂ ਨੂੰ ਦੋ ਦਿਨਾਂ ਵਿਚ ਕਾਤਲਾਂ ਨੂੰ ਗ੍ਰਿਫ਼ਤਾਰ ਕਰ ਲੈਣ ਦੇ ਦਿੱਤੇ ਭਰੋਸੇ ਤੋਂ ਬਾਅਦ ਧਰਨਾ ਸਮਾਪਤ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਸੰਤੋਖ ਸਿੰਘ ਸੰਧੂ ਨੇ ਕਿਹਾ ਕਿ ਸੰਦੀਪ ਨੰਗਲ ਅੰਬੀਆਂ ਹੋਣਹਾਰ, ਮਿਹਨਤੀ ਤੇ ਕਬੱਡੀ ਨੂੰ ਪਿਆਰ ਕਰਨ ਵਾਲਾ ਖਿਡਾਰੀ ਸੀ। ਉਸ ਦੀ ਮੌਤ ਨਾਲ ਕਬੱਡੀ ਖੇਡ ਜਗਤ ਨੂੰ ਵੱਡਾ ਨੁਕਸਾਨ ਹੋਇਆ ਹੈ। ਉਹ ਨੌਜਵਾਨ ਪੀੜ੍ਹੀ ਦਾ ਪ੍ਰੇਰਨਾ ਸਰੋਤ ਸੀ। ਦਿੱਲੀ ਅੰਦੋਲਨ ’ਚ ਕਬੱਡੀ ਖਿਡਾਰੀਆਂ ਨੇ ਮਨੋ-ਤਨੋ ਅਹਿਮ ਭੂਮਿਕਾ ਨਿਭਾਈ ਸੀ।
ਸ੍ਰੀ ਸੰਧੂ ਨੇ ਦੋਸ਼ ਲਾਇਆ ਕਿ ਨੰਗਲ ਅੰਬੀਆਂ ਦੀ ਮੌਤ ਲਈ ਪੰਜਾਬ ’ਚ ਫੈਲ ਰਿਹਾ ਗੈਂਗਸਟਰ, ਇਨ੍ਹਾਂ ਗੈਂਗਸਟਰਾਂ ਨੂੰ ਪ੍ਰਾਪਤ ਸਿਆਸੀ ਛਤਰ ਛਾਇਆ ਅਤੇ ਪੁਲੀਸ ਦਾ ਗੱਠਜੋੜ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਕਬੱਡੀ ਵਿੱਚ ਵੱਡੇ ਪੱਧਰ ’ਤੇ ਪੈਸਾ ਖ਼ਰਚਿਆ ਜਾ ਰਿਹਾ ਤੇ ਕਬੱਡੀ ਵਿੱਚ ਵੀ ਗੈਂਗਸਟਰਾਂ ਦਾ ਆਉਣਾ ਇਸ ਖੇਡ ਨੂੰ ਗੰਧਲਾ ਕਰਨ ਵਾਲੀ ਦਿਸ਼ਾ ’ਚ ਲੈ ਕੇ ਜਾ ਰਿਹਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੰਦੀਪ ਨੰਗਲ ਅੰਬੀਆਂ ਦੇ ਕਾਤਲਾਂ ਅਤੇ ਇਸ ਪਿਛਲੇ ਸਾਜ਼ਿਸ਼ਕਰਤਾਵਾਂ ਨੂੰ ਤੁਰੰਤ ਫੜਿਆ ਜਾਵੇ। ਇਸ ਮੌਕੇ ਬੂਟਾ ਸਿੰਘ ਸ਼ਾਦੀਪੁਰ, ਮੱਖਣ ਸਿੰਘ, ਤਰਪ੍ਰੀਤ ਸਿੰਘ ਉੱਪਲ, ਬਲਿਹਾਰ ਕੌਰ, ਵਿੱਕੀ ਪੰਡੋਰੀ ਤੇ ਮੰਗਲਜੀਤ ਪੰਡੋਰੀ ਆਦਿ ਹਾਜ਼ਰ ਸਨ।
ਨੰਗਲ ਅੰਬੀਆਂ ਨੂੰ ਸਮਰਪਿਤ ਮੋਮਬੱਤੀ ਮਾਰਚ ਕੱਢਿਆ
ਫਗਵਾੜਾ (ਪੱਤਰ ਪ੍ਰੇਰਕ): ਸੰਦੀਪ ਨੰਗਲ ਅੰਬੀਆਂ ਨੂੰ ਸ਼ਰਧਾਂਜਲੀਆਂ ਭੇਟ ਕਰਦਿਆਂ ਅਰਦਾਸ ਵੈੱਲਫ਼ੇਅਰ ਸੁਸਾਇਟੀ ਵਲੋਂ ਸ਼ਹਿਰ ’ਚ ਮੋਮਬੱਤੀ ਮਾਰਚ ਕੱਢਿਆ ਗਿਆ। ਇਹ ਡਾਕਘਰ ਤੋਂ ਸ਼ੁਰੂ ਹੋ ਕੇ ਬਾਂਸਾ ਬਾਜ਼ਾਰ, ਗਊਸ਼ਾਲਾ ਰੋਡ, ਨਾਈਆ ਚੌਕ, ਸਰਾਏ ਰੋਡ, ਬੰਗਾ ਰੋਡ ਹੁੰਦਾ ਹੋਇਆ ਵਾਪਸ ਡਾਕਘਰ ਕੋਲ ਪੁੱਜਾ। ਇਸ ਦੌਰਾਨ ਅਜਿਹੀਆਂ ਘਟਨਾਵਾ ਰੋਕਣ ਅਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਗਈ। ਇਸ ਮੌਕੇ ਜਤਿੰਦਰ ਬੋਬੀ ਵਰਮਾ, ਮੋਹਨ ਸਿੰਘ ਗਾਂਧੀ, ਮੋਹਨਜੀਤ ਸਿੰਘ ਜੋੜਾ, ਤਜਿੰਦਰ ਬਾਵਾ, ਤਜਿੰਦਰ ਸਿੰਘ ਮਾਡਰਨ, ਸਤੀਸ਼ ਬੱਗਾ, ਨਰਿੰਦਰ ਕੰਡਾ, ਅਨੁਰਾਗ ਮਾਨਖੰਡ ਸਮੇਤ ਕਈ ਲੋਕ ਸ਼ਾਮਲ ਸਨ।