ਦਿਹਾੜੀਆਂ ਦਾ ਭੁਗਤਾਨ ਕਰਨ ਦੀ ਮੰਗ
ਪੱਤਰ ਪ੍ਰੇਰਕ
ਤਰਨ ਤਰਨ, 29 ਸਤੰਬਰ
ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ (ਸੀਟੂ) ਦੇ ਝੰਡੇ ਹੇਠ ਇਲਾਕੇ ਦੇ ਪਿੰਡਾਂ ਦੇ ਮਜ਼ਦੂਰਾਂ ਨੇ ਉਨ੍ਹਾਂ ਵਲੋਂ ਮਹੀਨਿਆਂ ਪਹਿਲਾਂ ਨਰੇਗਾ ਦੇ ਕੀਤੇ ਕੰਮਾਂ ਦੀਆਂ ਦਿਹਾੜੀਆਂ ਦਾ ਭੁਗਤਾਨ ਨਾ ਕਰਨ ਖਿਲਾਫ਼ ਅੱਜ ਇਥੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੇ ਦਫਤਰ ਸਾਹਮਣੇ ਰੋਸ ਵਿਖਾਵਾ ਕੀਤਾ| ਜਥੇਬੰਦੀ ਨੇ ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ ਨੂੰ ਇਕ ਮੰਗ ਪੱਤਰ ਵੀ ਦਿੱਤਾ| ਇਸ ਰੋਸ ਵਿਖਾਵੇ ਵਿੱਚ ਇਲਾਕੇ ਦੇ ਸ਼ੇਖਚੱਕ, ਮਲੀਆ, ਕੋਟਲੀ, ਪੰਡੋਰੀ ਰਨਸਿੰਘ ਆਦਿ ਪਿੰਡਾਂ ਦੇ ਮਜਦੂਰਾਂ ਨੇ ਭਾਗ ਲਿਆ| ਜਥੇਬੰਦੀ ਦੇ ਸੂਬਾ ਆਗੂ ਦਲਵਿੰਦਰ ਸਿੰਘ ਪੰਨੂ ਨੇ ਸੰਬੋਧਨ ਕਰਦਿਆਂ ਦੋਸ਼ ਲਗਾਇਆ ਕਿ ਪਿੰਡਾਂ ਦੀਆਂ ਪੰਚਾਇਤਾਂ ਨੂੰ ਮਨਰੇਗਾ ਅਧੀਨ ਕੰਮ ਕਰਨ ਲਈ ਜਾਰੀ ਕੀਤੀਆਂ ਜਾਂਦੀਆਂ ਰਕਮਾਂ ਵਿੱਚ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਹੇਰਾਫੇਰੀ ਕੀਤੀ ਜਾਂਦੀ ਹੈ| ਉਨ੍ਹਾਂ ਕਿਹਾ ਕਿ ਮਜ਼ਦੂਰਾਂ ਨੂੰ ਮਹੀਨਿਆਂ ਤੱਕ ਕੀਤੇ ਕੰਮ ਦੇ ਪੈਸੇ ਨਹੀਂ ਦਿੱਤੇ ਜਾਂਦੇ ਅਤੇ ਦੇਰ ਬਾਅਦ ਪੈਸੇ ਦੇਣ ਤੇ ਬੇਲੋੜੀਆਂ ਕਟੌਤੀਆਂ ਕੀਤੀਆਂ ਜਾਂਦੀਆਂ ਹਨ| ਜਥੇਬੰਦੀ ਨੇ ਦਾਅਵਾ ਕੀਤਾ ਕਿ ਅਧਿਕਾਰੀ ਨੇ ਜਥੇਬੰਦੀ ਵਲੋਂ ਉਠਾਏ ਮੁੱਦਿਆਂ ਦੀ ਜਾਂਚ ਕਰਨ ਦਾ ਭਰੋਸਾ ਦਿੱਤਾ ਹੈ| ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇਬੰਦੀ ਦੇ ਜੱਸਾ ਸਿੰਘ ਪੰਡੋਰੀ ਰਨ ਸਿੰਘ, ਬਲਵਿੰਦਰ ਸਿੰਘ ਗੋਹਲਵੜ੍ਹ, ਪਰਮਜੀਤ ਕੌਰ ਨੇ ਵੀ ਸੰਬੋਧਨ ਕੀਤਾ|