ਹਤਿੰਦਰ ਮਹਿਤਾ
ਆਦਮਪੁਰ ਦੋਆਬਾ, 4 ਮਈ
ਨਗਰ ਕੌਂਸਲ ਅਲਾਵਲਪੁਰ ਦੇ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਚੋਣ ਇੱਕ ਵਾਰ ਫਿਰ ਅੱਗੇ ਪਾ ਦੇਣ ਦੇ ਰੋਸ ਵਜੋਂ ਕੌਂਸਲਰਾਂ ਨੇ ਨਗਰ ਕੌਂਸਲ ਅਲਾਵਲਪੁਰ ਦੇ ਦਫਤਰ ਅੱਗੇ ਧਰਨਾ ਦਿੱਤਾ ਤੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ। ਕੌਂਸਲਰਾਂ ਨੂੰ ਜਿੱਤੇ ਹੋਏ ਇੱਕ ਸਾਲ ਤੋਂ ਉਪਰ ਹੋ ਗਿਆ ਹੈ ਪਰ ਅਜੇ ਤੱਕ ਉਨ੍ਹਾਂ ਨੂੰ ਸਹੁੰ ਹੀ ਨਹੀਂ ਚੁਕਾਈ ਗਈ। ਅੱਜ 12 ਵਜੇ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਚੋਣ ਹੋਣੀ ਸੀ ਪਰ ਐੱਸ.ਡੀ.ਐੱਮ-1 ਵੱਲੋਂ ਇਸ ਮੀਟਿੰਗ ਨੂੰ ਮੁਲਤਵੀ ਕਰ 16 ਮਈ ਨੂੰ ਰੱਖ ਦਿੱਤੀ ਗਈ ਹੈ। ਜਦ ਜਿਸ ਦੇ ਚੱਲਦਿਆਂ ਅਕਾਲੀ-ਬਸਪਾ ਦੇ ਸੱਤ ਕੌਂਸਲਰਾਂ ਮਦਨ ਲਾਲ, ਪੰਜਕ ਸ਼ਰਮਾ, ਨਰੇਸ਼ ਕੁਮਾਰ, ਬ੍ਰਿਜ ਭੂਸ਼ਣ, ਰਚਨਾ, ਕਵਿਤਾ ਸ਼ਰਮਾ ਅਤੇ ਜਸਵੀਰ ਕੌਰ ਨੇ ਨਗਰ ਕੌਂਸਲ ਦੇ ਦਫਤਰ ਵਿੱਚ ਧਰਨਾ ਦੇ ਦਿੱਤਾ ਤੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੌਂਸਲਰਾਂ ਨਾਲ ਧੱਕੇਸ਼ਾਹੀ ਬੰਦ ਕੀਤੀ ਜਾਵੇ। ਉਨ੍ਹਾਂ ਸਰਕਾਰ ਤੇ ਦੋਸ਼ ਲਾਇਆ ਹੈ ਕਿ ਪੰਜਾਬ ਦੀ ਮੌਜੂਦਾ ਸਰਕਾਰ ਉਨ੍ਹਾਂ ਨਾਲ ਸਰਾਸਰ ਧੱਕਾ ਕਰ ਰਹੀ ਹੈ ਜਦ ਕਿ 11 ਕੌਂਸਲਰਾਂ ਵਾਲੀ ਨਗਰ ਕੌਂਸਲ ਵਿੱਚ ਉਹ ਸੱਤ ਕੌਂਸਲਰ ਇੱਕਠੇ ਹਨ ਅਤੇ ਉਨ੍ਹਾਂ ਕੋਲ ਬਹੁਮਤ ਹੈ। ਤਕਰੀਬਨ 2 ਵਜੇ ਤੋਂ ਬਾਅਦ ਨਾਇਬ ਤਹਿਸੀਲਦਾਰ ਓਂਕਾਰ ਸਿੰਘ ਮੌਕੇ ਉੱਤੇ ਪਹੁੰਚੇ ਤੇ ਉਨ੍ਹਾਂ ਨੇ ਧਰਨਾਕਾਰੀ ਕੌਂਸਲਰਾਂ ਨਾਲ ਗੱਲ ਕੀਤੀ ਅਤੇ ਯਕੀਨ ਦਵਾਇਆ ਕਿ ਸ਼ੁੱਕਰਵਾਰ ਤੱਕ ਏਜੰਡੇ ਦੀ ਕਾਪੀ ਦੇ ਦਿੱਤੀ ਜਾਵੇਗੀ ਅਤੇ 16 ਮਈ ਨੂੰ ਨਗਰ ਕੌਂਸਲ ਅਲਾਵਲਪੁਰ ਵਿੱਚ ਪ੍ਰਧਾਨਗੀ ਦੀ ਚੋਣ ਕਰਵਾ ਦਿੱਤੀ ਜਾਵੇਗੀ।
ਐੱਸਡੀਐੱਮ ਦਾ ਪੱਖ
ਇਸ ਬਾਰੇ ਐੱਸ.ਡੀ.ਐੱਮ ਹਰਪ੍ਰੀਤ ਸਿੰਘ ਅਟਵਾਲ ਨਾਲ ਗੱਲ ਕੀਤੀ ਗਈ ਤਾਂ ਉਨਾਂ ਨੇ ਕਿਹਾ ਕਿ ਉਨਾਂ ਕੋਲ ਰਾਜਨੀਤਕ ਪਾਰਟੀਆਂ ਦੇ ਨੁਮਾਇੰਦੇ ਆਏ ਸਨ ਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਅਜੇ ਤੱਕ ਆਪਸੀ ਸਹਿਮਤੀ ਨਹੀਂ ਬਣ ਸਕੀ ਹੈ ਤੇ 10 ਦਿਨ ਹੋਰ ਦੇ ਦਿਉ ਜਿਸ ਕਰਕੇ ਹੁਣ ਅਲਾਵਲਪੁਰ ਨਗਰ ਕੌਂਸਲ ਵਿਖੇ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਚੋਣ 16 ਮਈ ਨੂੰ ਹੋਵੇਗੀ। ਜਿਸ ਸੰਬੰਧੀ ਉਨ੍ਹਾਂ ਨੇ ਕਾਰਜ ਸਾਧਕ ਅਫਸਰ ਦੇਸ ਰਾਜ ਨੂੰ ਚਿੱਠੀ ਦੇ ਦਿੱਤੀ ਹੈ।