ਗੁਰਦੇਵ ਸਿੰਘ ਗਹੂੰਣ
ਬਲਾਚੌਰ, 6 ਅਗਸਤ
ਨਗਰ ਕੌਂਸਲ ਬਲਾਚੌਰ ਵਿੱਚ ਜੋ ਆਬਾਦੀਆਂ 11 ਜਨਵਰੀ 2016 ਤੱਕ ਮਿਊਂਸਿਪਲ ਕਮੇਟੀ ਦੀ ਹੱਦ ਤੋਂ ਬਾਹਰ ਸਨ, ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਮਿਊਂਸਿਪਲ ਕਮੇਟੀ ਦੀ ਹਦੂਦ ਵਿੱਚ ਵਾਧਾ ਕਰਕੇ ਸ਼ਾਮਲ ਕੀਤਾ ਗਿਆ, ਜਿਸ ਵਿੱਚ ਕੰਗਣਾ ਪੁਲ ਬਾਈਪਾਸ ਨੇੜੇ ਚੰਡੀਗੜ੍ਹ ਰੋਡ ਦੇ ਦੋਵੇਂ ਪਾਸੇ ਵਸਦੀ ਆਬਾਦੀ ਨੂੰ ਵੀ ਵਾਰਡ ਨੰਬਰ 11 ਤੇ 13 ਵਜੋਂ ਸ਼ਾਮਲ ਕੀਤਾ ਗਿਆ ਸੀ। ਇਨ੍ਹਾਂ ਕਲੋਨੀਆਂ ਵਿੱਚ ਵਸਦੇ ਲੋਕਾਂ ਨੇ ਦੱਸਿਆ ਕਿ ਇਥੋਂ ਦੀ ਬਿਜਲੀ ਸਪਲਾਈ 5 ਸਾਲਾਂ ਤੋਂ ਸ਼ਹਿਰ ਦੀ ਸਪਲਾਈ ਨਾਲ ਨਹੀਂ ਜੋੜੀ ਗਈ, ਵਾਰਡਾਂ ਦੀਆਂ ਸਾਰੀਆਂ ਗਲੀਆਂ ਕੱਚੀਆਂ ਹਨ ਤੇ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈ। ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀ ਇਸ ਇਲਾਕੇ ਵਿੱਚ ਆਉਂਦੇ ਹੀ ਨਹੀਂ। ਵਾਰਡ ਵਾਸੀਆਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਥੋਂ ਦੀਆਂ ਗਲੀਆਂ-ਨਾਲੀਆਂ ਪੱਕੀਆਂ ਕੀਤੀਆਂ ਜਾਣ ਤੇ ਹੋਰ ਬਣਦੀਆਂ ਸਾਰੀਆਂ ਸ਼ਹਿਰੀ ਸਹੂਲਤਾਂ ਦਿੱਤੀਆਂ ਜਾਣ, ਨਹੀਂ ਤਾਂ ਉਨ੍ਹਾਂ ਦੀ ਵੱਖਰੀ ਪੰਚਾਇਤ ਬਣਾ ਦਿੱਤੀ ਜਾਵੇ।