ਹਰਪ੍ਰੀਤ ਕੌਰ
ਹੁਸ਼ਿਆਰਪੁਰ, 18 ਜੁਲਾਈ
ਨੈਸ਼ਨਲ ਫੂਡ ਸਕਿਉਰਿਟੀ ਐਕਟ-2013 ਅਧੀਨ ਸਸਤੇ ਅਨਾਜ ਦੀਆਂ ਦੁਕਾਨਾਂ ਨਾ ਖੋਲ੍ਹਣ, ਗਰੀਬਾਂ ਨੂੰ ਪ੍ਰਤੀ ਮੈਂਬਰ 178 ਗ੍ਰਾਮ ਅਤੇ 57 ਮਿਲੀਗ੍ਰਾਮ ਸਿਰਫ਼ ਕਣਕ ਨੂੰ ਪੂਰਨ ਰਾਸ਼ਨ ਦਾ ਨਾਂ ਦੇ ਕੇ ਲੋਕਾਂ ਨਾਲ ਕੋਝਾ ਮਜਾਕ ਕਰਨ, ਨਵੇਂ ਰਾਸ਼ਨ ਕਾਰਡ ਨਾ ਬਣਾਉਣ ਲਈ ਅਤੇ ਪਰਿਵਾਰਕ ਬੱਚਿਆਂ ਦੇ ਨਾਂ ਕਾਰਡਾਂ ਵਿੱਚ ਦਰਜ ਨਾ ਕਰਨ, ਟਰਾਂਸਪੇਰੈਂਸੀ ਪੋਰਟਲ ਨੂੰ ਬੰਦ ਕਰਕੇ ਰੱਖਣ, ਦਫ਼ਤਰਾਂ ਵਿੱਚ ਸਟਾਫ਼ ਦੀ ਘਾਟ ਨੂੰ ਪੂਰਾ ਨਾ ਕਰਨ, ਫੂਡ ਸੇਫ਼ਟੀ ਐਂਡ ਸਟੈਂਡਰਡ ਐਕਟ-2006 ਦੇ ਨਿਯਮਾਂ ਦੀਆ ਧੱਜੀਆਂ ਉਡਾ ਕੇ ਰਾਸ਼ਨ ਦੀ ਕੀਤੀ ਜਾ ਰਹੀ ਵੰਡ ਤੇ ਲਾਭ ਪਾਤਰਾਂ ਤੋਂ ਖਾਲੀ ਬੋਰੀਆਂ ਵਾਪਿਸ ਲੈਣ ਆਦਿ ਨੂੰ ਲੈ ਕੇ ਲੇਬਰ ਪਾਰਟੀ ਵੱਲੋਂ ਜੈ ਗੋਪਾਲ ਧੀਮਾਨ, ਪਰਵੀਨ ਕੁਮਾਰੀ ਤੇ ਮਨਜੀਤ ਕੌਰ ਦੀ ਅਗਵਾਈ ਵਿੱਚ ਮਿਨੀ ਸਕੱਤਰੇਤ ਦੇ ਬਾਹਰ ਪੰਜਾਬ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ ਕੀਤਾ ਗਿਆ। ਬਾਅਦ ਵਿੱਚ ਇਹ ਸਾਰਾ ਮਾਮਲਾ ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਤੇ ਖਪਤਕਾਰ ਮਾਮਲਿਆਂ ਦੇ ਉੱਚ ਅਧਿਕਾਰੀ ਨਰਿੰਦਰ ਸਿੰਘ ਦੇ ਧਿਆਨ ਹੇਠ ਲਿਆਂਦਾ ਗਿਆ। ਸ੍ਰੀ ਧੀਮਾਨ ਨੇ ਦੱਸਿਆ ਕਿ ਪਿੰਡ ਮੰਨਣ ਦੇ ਲੋਕਾਂ ਦੇ ਰਾਸ਼ਨ ਕਾਰਡਾਂ ਸਬੰਧੀ ਅਧੂਰੇ ਪਏ ਕਾਰਜਾਂ ਦਾ ਮਾਮਲਾ ਵੀ ਅਧਿਕਾਰੀ ਦੇ ਧਿਆਨ ਹੇਠ ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਕੱਲੀ ਕਣਕ ਦਿੱਤੀ ਜਾ ਰਹੀ ਹੈ ਤੇ ਉਸ ਨੂੰ ਪੂਰਨ ਭੋਜਨ ਕਹਿਣਾ ਗਲਤ ਤੇ ਗੈਰ-ਸੰਵਿਧਾਨਕ ਹੈ। ਸ੍ਰੀ ਧੀਮਾਨ ਨੇ ਦੱਸਿਆ ਕਿ ਕਦੇ ਕੇਂਦਰ ਸਰਕਾਰ ਮਹੀਨੇ ਵਿੱਚ 5 ਕਿਲੋ ਕਣਕ ਵੰਡਣ ਦਾ ਢੰਡੋਰਾ ਪਿੱਟ ਰਹੀ ਹੈ ਅਤੇ ਕਦੇ ਪ੍ਰੇਦਸ਼ ਸਰਕਾਰ ਘਰ ਘਰ ਆਟਾ ਵੰਡਣ ਦੇ ਜੁਮਲੇ ਛੱਡ ਕੇ ਲੋਕਾਂ ਨਾਲ ਮਜਾਕ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਕਣਕ ਦੇ ਵਿਖਾਵੇ ਨੇ ਗਰੀਬਾਂ ਨੂੰ ਬਦਲਾਮ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨੈਸ਼ਨਲ ਫੂਡ ਸਕਿਊਰਿਟੀ ਐਕਟ ਨੂੰ ਲਾਗੂ ਕਰਵਾਉਣ ਲਈ ਅੰਦੋਲਨ ਚਲਾਉਣ ਲਈ ਅੱਗੇ ਆਉਣ। ਇਸ ਮੌਕੇ ਕਮਲਜੀਤ ਕੌਰ, ਸੋਨੂ ਮਹਿਤਪੁਰ, ਸੁਰਿੰਦਰ ਸਿੰਘ, ਸ਼ਮਸ਼ੇਰ ਸਿੰਘ, ਪਰਵੀਨ ਕੌਰ, ਨਿਰਮਲਾ ਦੇਵੀ, ਦਰਸ਼ਨ ਸਿੰਘ, ਅਮਰਜੀਤ ਸਿੰਘ, ਕੁਲਵੰਤ ਕੌਰ, ਰਜਨੀ ਦੇਵੀ, ਸੁਰਿੰਦਰ ਕੌਰ, ਅਮਰਜੀਤ ਕੌਰ, ਕੁਲਵਿੰਦਰ ਕੌਰ, ਰਘੁਵੀਰ ਕੌਰ, ਗੁਰਬਖਸ਼ ਕੌਰ, ਸੁਰਜੀਤ ਕੌਰ, ਰਾਮ ਸਿੰਘ ਆਦਿ ਹਾਜ਼ਰ ਸਨ।