ਜਗਜੀਤ ਸਿੰਘ
ਮੁਕੇਰੀਆਂ, 18 ਅਗਸਤ
ਕੁੱਲ ਹਿੰਦ ਕਿਸਾਨ ਸਭਾ ਦੀ ਅਗਵਾਈ ਵਿੱਚ ਕਾਰਕੁਨਾਂ ਵੱਲੋਂ ਪਿੰਡ ਕਾਲੂ ਚਾਂਗ ਵਿੱਚ ਬਿਲਕੀਸ ਬਾਨੋ ਦੇ ਬਲਾਤਕਾਰ ਅਤੇ ਉਸ ਦੇ 14 ਪਰਿਵਾਰਿਕ ਮੈਂਬਰਾਂ ਦੀ ਹੱਤਿਆ ਕਰਨ ਦੇ ਦੋਸ਼ ਹੇਠ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਦੋਸ਼ੀਆਂ ਦੀ ਰਿਹਾਈ ਵਿਰੁੱਧ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ। ਇਸ ਤੋ ਪਹਿਲਾਂ ਰੋਸ ਪ੍ਰਦਰਸ਼ਨ ਕਰਦਿਆਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਐਕਸ਼ਨ ਦੀ ਅਗਵਾਈ ਰਾਜਿੰਦਰ ਸਿੰਘ ਫੌਜੀ, ਮੋਹਨ ਲਾਲ, ਸਤੀਸ਼ ਕੁਮਾਰ ਅਤੇ ਜਸਵਿੰਦਰ ਬੱਲਾਂ ਨੇ ਕੀਤੀ। ਇਸ ਮੌਕੇ ਸਭਾ ਦੇ ਸੂਬਾਈ ਜੁਆਇੰਟ ਸਕੱਤਰ ਆਸ਼ਾ ਨੰਦ, ਖੇਤ ਮਜ਼ਦੂਰ ਯੂਨੀਅਨ ਦੇ ਤਹਿਸੀਲ ਸਕੱਤਰ ਸੋਮਰਾਜ, ਵਿਜੇ ਸਿੰਘ ਤੇ ਕੁਲਵਿੰਦਰ ਸਿੰਘ ਨੇ ਵੀ ਸ਼ਿਰਕਤ ਕੀਤੀ। ਆਗੂਆਂ ਨੇ ਕਿਹਾ ਕਿ ਆਜ਼ਾਦੀ ਦਿਹਾੜੇ ਮੌਕੇ ਦੋਸ਼ੀਆਂ ਨੂੰ ਸਜ਼ਾ ਪੂਰੀ ਹੋਣ ਤੋਂ ਪਹਿਲਾਂ ਆਜ਼ਾਦ ਕਰਾ ਕੇ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਗੁਜਰਾਤ ਸਰਕਾਰ ਨੇ ਇਹ ਸਾਬਤ ਕਰ ਦਿੱਤਾ ਹੈ, ਭਾਜਪਾ ਦੇਸ਼ ਅੰਦਰ ਗੁੰਡਾਗਰਦੀ ਦਾ ਮਾਹੌਲ ਸਿਰਜਣਾ ਚਾਹੁੰਦੀ ਹੈ। ਇਸ ਨਾਲ ਇਹ ਵੀ ਸਾਬਤ ਹੋ ਗਿਆ ਹੈ ਭਾਜਪਾ ਦੇ ਰਾਜ ਵਿੱਚ ਔਰਤਾਂ ਸੁਰੱਖਿਅਤ ਨਹੀਂ ਹਨ। ਉਨ੍ਹਾਂ ਮੰਗ ਕੀਤੀ ਕਿ ਗੁਜਰਾਤ ਸਰਕਾਰ ਨੂੰ ਆਪਣਾ ਫੈਸਲਾ ਵਾਪਸ ਲੈ ਕੇ ਦੋਸ਼ੀਆਂ ਨੂੰ ਸਲਾਖਾਂ ਪਿਛੇ ਡੱਕਣਾ ਚਾਹੀਦਾ ਹੈ। ਇਸ ਮੌਕੇ ਕਰਨੈਲ ਸਿੰਘ, ਸੁਖਵਿੰਦਰ ਰਿੰਕੂ, ਸੁਖਵਿੰਦਰ ਹੈਪੀ, ਗੁਰਧਿਆਨ ਸਿੰਘ, ਦਿਲਬਾਗ ਸਿੰਘ, ਜਤਿੰਦਰ ਸਿੰਘ, ਸੁਨੀਲ ਕੁਮਾਰ ਗੌਰਵ ਚੌਧਰੀ ਹਰਮੀਤ ਸ਼ੈਂਟੀ, ਸੁਖਦੇਵ ਸਿੰਘ, ਅਮਨ ਕੁਮਾਰ, ਮਨਿੰਦਰ ਸਿੰਘ, ਲਖਵਿੰਦਰ ਸਿੰਘ, ਸੇਵਾ ਸਿੰਘ, ਗਗਨ ਸਿੰਘ ਅਤੇ ਲਵਪ੍ਰੀਤ ਸਿੰਘ ਆਦਿ ਵੀ ਹਾਜ਼ਰ ਸਨ।