ਪੱਤਰ ਪ੍ਰੇਰਕ
ਫਗਵਾੜਾ, 15 ਅਕਤੂਬਰ
ਪੰਜਾਬ ਮੋਟਰ ਯੂਨੀਅਨ ਦੇ ਸੱਦੇ ’ਤੇ ਬੱਸ ਅਪਰੇਟਰਾਂ ਦੀ ਮੀਟਿੰਗ ਕੇਜੀ ਰਿਸੋਰਟ ਵਿੱਚ ਪ੍ਰਧਾਨ ਸੰਦੀਪ ਸ਼ਰਮਾ ਦੀ ਅਗਵਾਈ ’ਚ ਹੋਈ, ਜਿਸ ’ਚ ਪੰਜਾਬ ਭਰ ਦੇ ਨਿੱਜੀ ਬੱਸ ਅਪਰੇਟਰ ਸ਼ਾਮਲ। ਸੰਦੀਪ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸਰਕਾਰੀ ਬੱਸਾਂ ’ਚ ਔਰਤਾਂ ਨੂੰ ਸਫ਼ਰ ਮੁਫ਼ਤ ਕਰਨ ਨਾਲ ਨਿੱਜੀ ਬੱਸ ਅਪਰੇਟਰਾਂ ਦੀ ਆਰਥਿਕ ਹਾਲਤ ਪੂਰੀ ਤਰ੍ਹਾਂ ਵਿਗੜ ਗਈ ਹੈ ਤੇ ਉਨ੍ਹਾਂ ਦੀ ਇੰਡਸਟਰੀ ਪੂਰੀ ਤਰ੍ਹਾਂ ਘਾਟੇ ’ਚ ਚੱਲ ਰਹੀ ਹੈ ਤੇ ਉਨ੍ਹਾਂ ਦੀਆਂ ਬੱਸਾਂ ਖਾਲੀ ਚੱਲ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਔਰਤਾਂ ਦੇ ਮੁਫ਼ਤ ਸਫ਼ਰ ਨੂੰ ਬੰਦ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਸਰਕਾਰ ਵਲੋਂ 2 ਰੁਪਏ 56 ਪੈਸੇ ਪ੍ਰਤੀ ਕਿਲੋਮੀਟਰ ਉਨ੍ਹਾਂ ਪਾਸੋਂ ਮੋਟਰ ਵਹੀਕਲ ਟੈਕਸ ਵਸੂਲਿਆ ਜਾ ਰਿਹਾ ਹੈ, ਉਨ੍ਹਾਂ ਮੰਗ ਕੀਤੀ ਕਿ ਇਸ ਟੈਕਸ ਨੂੰ ਡੇਢ ਰੁਪਏ ਕੀਤਾ ਜਾਵੇ ਤੇ ਜੋ ਟੈਕਸ ਤੋਂ ਚਾਰ ਦਿਨ ਦੀ ਛੂਟ ਦਿੱਤੀ ਗਈ ਹੈ, ਉਸ ਨੂੰ 10 ਦਿਨ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਦੇ ਟਾਈਮ ਟੇਬਲ ’ਚ ਕਾਫ਼ੀ ਧੱਕਾ ਕੀਤਾ ਜਾ ਰਿਹਾ ਹੈ, ਜਿਸ ਨੂੰ ਠੀਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਰੋਡਵੇਜ਼ ਦੀਆਂ ਬੱਸਾਂ ਨੂੰ ਅੱਡਾ ਫ਼ੀਸ ਮੁਆਫ਼ ਕੀਤੀ ਗਈ ਹੈ, ਜਦਕਿ ਪ੍ਰਾਈਵੇਟ ਵਾਲਿਆਂ ਪਾਸੋਂ ਵਸੂਲੀ ਜਾ ਰਹੀ ਹੈ। ਇਸ ਮੌਕੇ ਹਰਦੀਪ ਸਿੰਘ, ਜਰਨੈਲ ਸਿੰਘ, ਅਸ਼ੋਕ ਮੰਨਣ, ਸੰਨੀ ਢਿਲੋਂ, ਨਰਪਿੰਦਰ ਦਲਾਲ, ਬਲਦੇਵ ਬੱਬੂ ਸਮੇਤ ਕਈ ਬੱਸ ਅਪਰੇਟਰ ਸ਼ਾਮਲ ਸਨ।