ਭਗਵਾਨ ਦਾਸ ਸੰਦਲ
ਦਸੂਹਾ, 21 ਅਪਰੈਲ
ਇਥੇ ਮੁਕੇਰੀਆ ਦੇ ਪਿੰਡ ਲਮੀਨ ਪੰਡੋਰੀ ਵਿਚ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਅੰਦਰ ਲੱਗੀਆਂ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਦੀ ਬੇਅਦਬੀ ਦਾ ਭਾਰਤੀ ਵਾਲਮੀਕਿ ਧਰਮ ਸਮਾਜ ਵੱਲੋਂ ਤਿੱਖਾ ਵਿਰੋਧ ਕਰਦਿਆਂ ਦੋਸ਼ੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਮੁਕੇਰੀਆਂ ਪੁਲੀਸ ਨੇ ਮਾਮਲਾ ਦਰਜ ਕਰ ਕੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਇਕ ਫ਼ਰਾਰ ਹੈ।
ਬੇਅਦਬੀ ਵਾਲੇ ਸਥਾਨ ਦਾ ਜਾਇਜ਼ਾ ਲੈਣ ਮਗਰੋਂ ਸਥਾਨਕ ਰਿਸ਼ੀ ਨਗਰ ਪੁੱਜੇ ਭਾਰਤੀ ਵਾਲਮੀਕਿ ਧਰਮ ਸਮਾਜ ਦੇ ਕੌਮੀ ਮੁੱਖ ਸੰਚਾਲਕ ਵਿਜੇ ਦਾਨਵ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੁਝ ਸਮਾਜ ਵਿਰੋਧੀ ਅਨਸਰ ਲੋਕਾਂ ਦੀਆਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਕੇ ਆਪਸੀ ਪ੍ਰੇਮ ਭਾਈਚਾਰੇ ਨੂੰ ਖ਼ਤਰੇ ’ਚ ਪਾਉਣ ਦੀਆਂ ਕੌਝੀਆਂ ਚਾਲਾਂ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਸਤਿਕਾਰ ਕਮੇਟੀ ਦੇ ਮੈਂਬਰਾਂ ਨੇ ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ ਉਤਾਰੀਆਂ। ਇਸ ਦੀ ਵੀਡੀਓ ਬਣਾ ਕੇ ਦੋਸ਼ੀਆਂ ਨੇ ਸੋਸ਼ਲ ਮੀਡੀਆ ’ਤੇ ਵਾਇਰਲ ਵੀ ਕਰ ਦਿੱਤੀ। ਇਸ ਮਗਰੋਂ ਦਲਿਤ ਜਥੇਬੰਦੀਆਂ ਵੱਲੋਂ ਗੰਭੀਰ ਨੋਟਿਸ ਲਿਆ ਗਿਆ ਹੈ।