ਨਿੱਜੀ ਪੱਤਰ ਪ੍ਰੇਰਕ
ਜਲੰਧਰ, 14 ਅਕਤੂਬਰ
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਤੇ ਜਨਰਲ ਸਕੱਤਰ ਗੁਰਮੀਤ ਨੇ ਜੱਲ੍ਹਿਆਂਵਾਲ਼ਾ ਬਾਗ ਸਮਾਰਕ ਦੇ ਸਰੂਪ ਨਾਲ ਕੀਤੀ ਛੇੜਛਾੜ ਪ੍ਰਤੀ ਤਿੱਖਾ ਰੋਸ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਾਂਗ ਹੀ ਪੰਜਾਬ ਸਰਕਾਰ ਵੀ ਇਸ ਦੇ ਮੂਲ ਸਰੂਪ ਦੀ ਬਹਾਲੀ ਲਈ ਗੰਭੀਰ ਨਹੀਂ ਹੈ। ਬੀਤੇ ਦਿਨੀਂ ਜਨਤਕ ਧਿਰਾਂ ਦੇ ਵਫ਼ਦ ਪ੍ਰਤੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵਤੀਰੇ ਨੇ ਸਪੱਸ਼ਟ ਕੀਤਾ ਹੈ ਕਿ ਲੋਕਾਂ ਦੀ ਇਤਿਹਾਸਕ ਵਿਰਾਸਤ ਨੂੰ ਮਿਟਾ ਕੇ ਆਉਣ ਵਾਲੀਆਂ ਨਸਲਾਂ ਉੱਤੇ ਮਨਮਰਜ਼ੀ ਦਾ ਇਤਿਹਾਸ ਥੋਪਣ ਦੀ ਸਾਜਿਸ਼ ਵਿੱਚ ਪੰਜਾਬ ਸਰਕਾਰ ਵੀ ਕੇਂਦਰ ਸਰਕਾਰ ਦੀ ਭਾਈਵਾਲ ਹੈ।
ਮੁੱਖ ਮੰਤਰੀ ਸ੍ਰੀ ਚੰਨੀ ਦੇ ਵਤੀਰੇ ’ਤੇ ਸਖਤ ਨਰਾਜ਼ਗੀ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਵਤੀਰਾ ਗ਼ਦਰ ਲਹਿਰ ਅਤੇ ਜੱਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਦਾ ਨਿਰਾਦਰ ਅਤੇ ਅਪਮਾਨ ਕਰਨ ਵਾਲਾ ਹੈ, ਜਿਸ ਦੇ ਵਿਰੋਧ ਵਿੱਚ ਦੇਸ਼ ਭਗਤ ਯਾਦਗਾਰ ਕਮੇਟੀ ਦੀ ਅਗਵਾਈ ਵਿੱਚ ਸਮੂਹ ਜਨਤਕ ਧਿਰਾਂ ਵੱਲੋਂ 22 ਅਕਤੂਬਰ ਨੂੰ ਅੰਮ੍ਰਿਤਸਰ ਵਿੱਚ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਪ੍ਰਸ਼ਾਸਨ ਵੱਲੋਂ ਜਨਤਕ ਧਿਰਾਂ ਨੂੰ ਮੁੱਖ ਮੰਤਰੀ ਚੰਨੀ ਨਾਲ ਮੁਲਾਕਾਤ ਦਾ ਸਮਾਂ ਦਿੱਤਾ ਗਿਆ ਸੀ। ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਅਤੇ ਸਹਾਇਕ ਸਕੱਤਰ ਡਾ. ਪਰਮਿੰਦਰ ਸਿੰਘ ਸੱਤ ਮੈਂਬਰੀ ਵਫ਼ਦ ਦੇ ਪ੍ਰਤੀਨਿਧਾਂ ਵਜੋਂ ਸ੍ਰੀ ਚੰਨੀ ਨਾਲ਼ ਮੁਲਾਕਾਤ ਕੀਤੀ। ਸ੍ਰੀ ਚੰਨੀ ਨੇ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਨੂੰ ਸਮਾਰਕ ਸਬੰਧੀ ਭੇਜੇ ਜਾਣ ਵਾਲ਼ੇ ਇਤਰਾਜ਼ਾਂ ਲਈ ਇਤਿਹਾਸਕਾਰਾਂ ਦੀ ਇੱਕ ਕਮੇਟੀ ਬਣਾਉਣ ਦਾ ਪ੍ਰਸਤਾਵ ਵੀ ਨਕਾਰ ਦਿੱਤਾ।